New Zealand coronavirus: ਆਕਲੈਂਡ: ਗਲੋਬਲ ਪੱਧਰ ਤੇ ਫੈਲੀ ਕੋਰੋਨਾ ਵਾਇਰਸ ਨਾਮ ਦੀ ਮਹਾਂਮਾਰੀ ਦਾ ਹਾਲੇ ਤੱਕ ਕੋਈ ਇਲਾਜ ਨਹੀਂ ਮਿਲ ਪਾਇਆ ਹੈ । ਇਹ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ । ਦੁਨੀਆ ਭਰ ਵਿਚ ਇਸ ਵਾਇਰਸ ਨਾਲ ਪੀੜਤਾਂ ਦੀ ਗਿਣਤੀ 35 ਲੱਖ 66 ਹਜ਼ਾਰ ਤੋਂ ਵਧੇਰੇ ਹੋ ਚੁੱਕੀ ਹੈ, ਜਦਕਿ 2 ਲੱਖ 48 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ । ਰਾਹਤ ਦੀ ਗੱਲ ਇਹ ਹੈ ਕਿ 11 ਲੱਖ 54 ਹਜ਼ਾਰ ਤੋਂ ਵਧੇਰੇ ਲੋਕ ਠੀਕ ਹੋ ਚੁੱਕੇ ਹਨ । ਉੱਥੇ ਹੀ ਨਿਊਜ਼ੀਲੈਂਡ ਵਿੱਚ ਇਸ ਬਿਮਾਰੀ ਦਾ ਕਹਿਰ ਹੁਣ ਘੱਟਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਸਬੰਧੀ ਅੱਜ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ ਵਲੋਂ ਕੋਰੋਨਾ ਸਬੰਧੀ ਨਵੇਂ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਅੱਜ ਯਾਨੀ ਕਿ ਸੋਮਵਾਰ ਨੂੰ ਨਿਊਜ਼ੀਲੈਂਡ ਵਿੱਚ ਕੋਰੋਨਾ ਦਾ ਇੱਕ ਵੀ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਨਾ ਹੀ ਕੋਈ ਮੌਤ ਹੋਈ ਹੈ ।
ਦੱਸ ਦੇਈਏ ਕਿ 4 ਮਾਰਚ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਨਿਊਜੀਲੈਂਡ ਵਿੱਚ ਕੋਰੋਨਾ ਦੇ ਰੋਜ਼ਾਨਾ ਜਾਰੀ ਕੀਤੇ ਜਾਣ ਵਾਲੇ ਅੰਕੜਿਆਂ ਵਿੱਚ ਨਵੇਂ ਮਾਮਲਿਆਂ ਦਾ ਅੰਕੜਾ 0 ‘ਤੇ ਪਹੁੰਚ ਗਿਆ ਹੈ । ਇੱਥੇ ਕੋਰੋਨਾ ਨਾਲ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 1487 ਹੀ ਹੈ, ਜਦਕਿ ਇਨ੍ਹਾਂ ਵਿੱਚੋਂ 1276 ਬਿਲਕੁਲ ਠੀਕ ਹੋ ਗਏ ਹਨ ।
ਜ਼ਿਕਰਯੋਗ ਹੈ ਕਿ ਇਸ ਵਾਇਰਸ ਦਾ ਸਭ ਤੋਂ ਵੱਧ ਅਸਰ ਅਮਰੀਕਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਜਿੱਥੇ ਇਨਫੈਕਸ਼ਨ ਕਾਰਨ ਲਗਾਤਾਰ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ । ਜਾਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿੱਚ ਬੀਤੇ 24 ਘੰਟਿਆਂ ਵਿੱਚ 1450 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 68 ਹਜ਼ਾਰ ਤੋਂ ਵਧੇਰੇ ਹੋ ਗਈ ਹੈ ।