Newborn baby stolen : ਜਲੰਧਰ : ਵੀਰਵਾਰ ਨੂੰ ਸਿਵਲ ਹਸਪਤਾਲ ’ਚ ਉਸ ਵੇਲੇ ਵੱਡਾ ਹੰਗਾਮਾ ਹੋਇਆ ਜਦੋਂ ਜੱਚਾ-ਬੱਚਾ ਵਾਰਡ ਵਿਚੋਂ ਕੁਝ ਘੰਟੇ ਪਹਿਲਾਂ ਜੰਮਿਆ ਬੱਚਾ ਗਾਇਬ ਹੋ ਗਿਆ। ਬੱਚੇ ਦੇ ਮਾਂ-ਪਿਓ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਬੱਚਾ ਚੋਰੀ ਹੋਣ ਦੇ ਦੋਸ਼ ਲਗਾਏ। ਘਟਨਾ ਦੀ ਸੂਚਨਾ ਮਿਲਦੇ ਹੀ ਏਸੀਪੀ ਹਰਸਿਮਰਤ ਅਤੇ ਥਾਣਾ ਚਾਰ ਦੇ ਇੰਚਾਰਜ ਰਛਪਾਲ ਸਿੰਘ ਮੌਕੇ ’ਤੇ ਪਹੁੰਚੇ ਅਤੇ ਪਰਿਵਾਰ ਵਾਲਿਆਂ ਤੇ ਹਸਪਤਾਲ ਸਟਾਫ ਦੇ ਬਿਆਨ ਦਰਜ ਕਰਨੇ ਸ਼ੁਰੂ ਕਰ ਦਿੱਤੇ। ਹਾਲਾਂਕਿ ਅਜੇ ਬੱਚਾ ਚੋਰੀ ਹੋਣ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਰਿਹਾ ਹੈ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੇ ਦੀ ਸਵੇਰੇ ਹੀ ਡਿਲੀਵਰੀ ਹੋਈ ਸੀ ਅਤੇ ਉਹ ਮੁੰਡਾ ਸੀ। ਦੁਪਿਹਰ ਨੂੰ ਸਟਾਫ ਬੱਚੇ ਨੂੰ ਲੈ ਕੇ ਗਿਆ ਸੀ ਪਰ ਬਾਅਦ ਵਿਚ ਸਟਾਫ ਬਦਲ ਗਿਆ। ਜਿਹੜਾ ਨਵਾਂ ਸਟਾਫ ਆਇਾ, ਉਸ ਦੇ ਕੋਲ ਬੱਚਾ ਨਹੀਂ ਸੀ। ਜਦੋਂ ਉਨ੍ਹਾਂ ਪੁੱਛਿਆ ਤਾਂ ਨਵੇਂ ਸਟਾਫ ਨੇ ਕਿਹਾ ਕਿ ਉਨ੍ਹਾਂ ਨੂੰ ਬੱਚੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ’ਤੇ ਪਰਿਵਾਰ ਵਾਲਿਆਂ ਨੇ ਬੱਚਾ ਚੋਰੀ ਹੋਣ ਦੀ ਗੱਲ ਕਹਿ ਕੇ ਜ਼ਬਰਦਸਤ ਹੰਗਾਮਾ ਸ਼ੁਰੂ ਕਰ ਦਿੱਤਾ। ਉਧਰ ਹਸਪਤਾਲ ਸਟਾਫ ਦਾ ਕਹਿਣਾ ਸੀ ਕਿ ਪਰਿਵਾਰ ਵਾਲੇ ਝੂਠ ਬੋਲ ਰਹੇ ਹਨ, ਬੱਚਾ ਉਥੇ ਹੋਇਆ ਹੀ ਨਹੀਂ।
ਬੱਚੇ ਦੀ ਦਾਦੀ ਕਬੀਰ ਵਿਹਾਰ ਨਿਵਾਸੀ ਜਯੰਤੀ ਦੇਵੀ ਨੇ ਦੱਸਿਆ ਕਿ ਉਸ ਦੀ ਨੂੰਹ ਖੁਸ਼ਬੂ ਨੂੰ ਸਵੇਰੇ ਦਰਦਾਂ ਲੱਗਣ ’ਤੇ ਉਸ ਦਾ ਪੁੱਤਰ ਦੀਪਕ ਉਸ ਨੂੰ ਸਿਵਲ ਹਸਪਤਾਲ ਲਿਆਇਆ ਸੀ, ਜਿਥੇ ਉਸ ਨੇ 12.30 ਵਜੇ ਦੇ ਕਰੀਬ ਮੁੰਡੇ ਨੂੰ ਜਨਮ ਦਿੱਤਾ। ਕੁਝ ਦੇਰ ਬਾਅਦ ਸਟਾਫ ਦੇ ਮੈਂਬਰ ਆਏ ਅਤੇ ਕਿਹਾ ਕਿ ਫਾਈਲ ਬਣਾ ਕੇ ਲਿਆਓ। ਉਹ ਬੱਚੇ ਨੂੰ ਉਥੇ ਚੁੰਨੀ ਵਿਚ ਲਪੇਟ ਕੇ ਰਖ ਗਈ ਅਤੇ ਫਾਈਲ ਬਣਾਉਣ ਚਲੀ ਗਈ ਵਾਪਿਸ ਆਈ ਤਾਂ ਬੱਚਾ ਉਥੇ ਨਹੀਂ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਪੁੱਛਣ ’ਤੇ ਹਸਪਤਾਲ ਸਟਾਪ ਨੇ ਕਹਿ ਦਿੱਤਾ ਕਿ ਬੱਚਾ ਹੋਇਆ ਹੀ ਨਹੀਂ। ਇਸ ਬਾਰੇ ਏਸੀਪੀ ਹਰਸਿਮਤ ਨੇ ਦੱਸਿਆ ਕਿ ਔਰਤ ਜਦੋਂ ਬੱਚਾ ਪੈਦਾ ਹੋਣ ਦੀ ਗੱਲ ਕਰ ਰਹੀ ਹੈ ਉਦੋਂ ਡਿਊਟੀ ’ਤੇ ਹੋਰ ਸਟਾਫ ਸੀ ਪਰ ਬਾਅਦ ਵਿਚ ਦੂਸਰਾ ਸਟਾਫ ਆ ਗਿਆ ਸੀ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਰੇ ਸੀਸੀਟੀਵੀ ਕੈਮਰਾ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਬੱਚੇ ਦੇ ਜਨਮ ਦਾ ਰਿਕਾਰਡ ਖੰਗਾਲ ਰਹੀ ਹੈ ਅਤੇ ਪੁਰਾਣੇ ਸਟਾਫ ਨੂੰ ਵੀ ਪੁੱਛ-ਗਿੱਲਈ ਬੁਲਾਇਆ ਗਿਆ ਹੈ।