ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀਆਂ ਖਬਰਾਂ ਨੂੰ ਨਿਰਆਧਾਰ ਦੱਸਦਿਆਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸਾਫ ਕਰ ਦਿੱਤਾ ਹੈ ਕਿ ਕੈਪਟਨ ਨੇ ਨਾ ਤਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਪੇਸ਼ਕਸ਼ ਕੀਤੀ ਹੈ।
ਦੱਸਣਯੋਗ ਹੈ ਕਿ ਕੁਝ ਮੀਡੀਆ ਚੈਨਲਾਂ ਵਿੱਚ ਹਰੀਸ਼ ਰਾਵਤ ਦੇ ਬਿਆਨ ਨਾਲ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੇ ਨਾਲ ਹੀ ਕੁਝ ਚੈਨਲਾਂ ‘ਤੇ ਇਹ ਵੀ ਖਬਰ ਚਲਾਈ ਗਈ ਕਿ ਕੈਪਟਨ ਅਮਰਿੰਦਰ ਸਿੰਘ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਅਤੇ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਮਾਸਾਨ ਕਰਕੇ ਕੈਪਟਨ ਅਸਤੀਫਾ ਦੇ ਸਕਦੇ ਹਨ।
ਇਨ੍ਹਾਂ ਸਾਰੀਆਂ ਖਬਰਾਂ ਨੂੰ ਨਕਾਰਦੇ ਹੋਏ ਰਵੀਨ ਠੁਕਰਾਲ ਨੇ ਟਵੀਟ ਕਰਕੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀਆਂ ਖ਼ਬਰਾਂ ਬਿਲਕੁਲ ਨਿਰਆਧਾਰ ਹਨ। ਉਨ੍ਹਾਂ ਨੇ ਨਾ ਤਾਂ ਅਸਤੀਫ਼ਾ ਦਿੱਤਾ ਹੈ ਅਤੇ ਨਾ ਹੀ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਪਹੁੰਚੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਘਰ, ਕਈ ਮੰਤਰੀ ਤੇ ਵਿਧਾਇਕ ਵੀ ਮੀਟਿੰਗ ‘ਚ ਮੌਜੂਦ
ਉਹ ਪੰਜਾਬ ਕਾਂਗਰਸ ਦੀ 2017 ਵਾਂਗ 2022 ਵਿੱਚ ਵੀ ਅਗਵਾਈ ਕਰਨਗੇ। ਠੁਕਰਾਲ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਅਟਕਲਾਂ ਨਾ ਲਾਵੇ ਅਤੇ ਗ਼ਲਤ ਜਾਣਕਾਰੀ ਨਾ ਫੈਲਾਵੇ।