NGT imposes Rs 1.56 : ਪਟਿਆਲਾ : ਪੰਜਾਬ ਦੇ ਤਿੰਨ ਥਰਮਲ ਪਾਵਰ ਪਲਾਂਟਾ ਨੂੰ ਹਵਾ ਪ੍ਰਦੂਸ਼ਣ ਫੈਲਾਉਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਵੱਲੋਂ 1.56 ਕਰੋੜ ਦਾ ਜੁਰਮਾਨਾ ਲਗਾਇਆ ਗਿਆ ਹੈ। ਥਰਮਲ ਪਲਾਂਟਾਂ ਵੱਲੋਂ ਫਲਾਈਏਸ਼ ਦਾ ਸਹੀ ਢੰਗ ਨਾਲ ਨਿਪਟਾਰਾ ਨਾ ਕਰਨ ਕਰਕੇ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਣ ਕਾਰਨ ਲਗਾਏ ਗਏ ਇਸ ਜੁਰਮਾਨੇ ਨੂੰ ਭਰਨ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ 15 ਦਿਨਾਂ ਦਾ ਸਮਾਂ ਦਿੱਤਾ ਹੈ। ਜੇਕਰ ਥਰਮਲ ਪਲਾਂਟ ਤੈਅ ਸਮੇਂ ’ਤੇ ਜੁਰਮਾਨਾ ਅਦਾ ਨਹੀਂ ਕਰਦੇ ਤਾਂ ਇਹ ਜੁਰਮਾਨੇ ਦੀ ਰਕਮ ਵਧਾਈ ਜਾਵੇਗੀ।
ਹੁਕਮਾਂ ਮੁਤਾਬਕ ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ ਨੂੰ 47,08,480 ਰੁਪਏ, ਨਾਭਾ ਥਰਮਲ ਪਾਵਰ ਪਲਾਂਟ ਰਾਜਪੁਰਾ ਨੂੰ 55,70,239 ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੂੰ 53,92,832 ਰੁਪਏ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਾਵਰ ਪਲਾਂਟ ਰੋਪੜ ਨੂੰ ਵੀ ਫਲਾਈਏਸ਼ ਦੀ ਵਰਤੋਂ ਦਾ ਡਾਟਾ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ।
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮੈਂਬਰ ਸਕੱਤਰ ਕਰੁਣੇਸ਼ ਗਰਗ ਨੇ ਇਸ ਬਾਰੇ ਦੱਸਿਆ ਕਿ ਇਸੇ ਸਾਲ ਜਨਵਰੀ ਵਿਚ ਐਨਜੀਟੀ ਨੇ ਚੌਗਿਰਦਾ ਸੁਰੱਖਿਆ ਐਕਟ ਦੀਆਂ ਵਿਵਸਥਾਵਾਂ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਪਲਾਟਾਂ ਨੂੰ ਵਿਗਿਆਨੀ ਤਰੀਕੇ ਨਾਲ ਨਿਪਟਾਉਣ ਦੀਆਂ ਹਿਦਾਇਤਾਂ ਦਿੱਤੀਆਂ ਸਨ। ਅਜਿਹਾ ਨਾ ਕਰਨ ’ਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਸੀ। ਪੀਪੀਸੀਬੀ ਦਾ ਕਹਿਣਾ ਹੈ ਕਿ ਥਰਮਲ ਪਲਾਂਟਾਂ ਨੇ ਇਨ੍ਹਾਂ ਹੁਕਮਾਂ ਦੀ ਪਰਵਾਹ ਨਹੀਂ ਕੀਤੀ, ਜਿਸ ਦੇ ਚੱਲਦਿਆਂ ਉਨ੍ਹਾਂ ਨੂੰ ਮੋਟਾ ਜੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਤੋਂ ਨਿਕਲਦੀ ਸੁਆਹ ਨੂੰ ਸਿੱਧਾ ਅਸਮਾਨ ਵਿਚ ਨਹੀਂ ਛੱਡਿਆ ਜਾ ਸਕਾਦ। ਇਸ ਸੁਆਹ ਨੂੰ ਇੱਟਾਂ, ਸੜਕ ਜਂ ਪੁਲ ਹਣਾਉਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਅਸਮਾਨ ਵਿਚ ਉੱਡਣ ਵਾਲੀ ਸੁਆਹ ਪ੍ਰਦੂਸ਼ਣ ਦਾ ਕਾਰਨ ਬਣਦੀ ਹੈ।