NHAI has suffered a loss : ਚੰਡੀਗੜ੍ਹ : ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 1 ਅਕਤੂਬਰ ਤੋਂ ਹੀ ਪੰਜਾਬ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੂੰ ਪੰਜਾਬ ਦੇ ਵੱਖ-ਵੱਖ ਟੋਲ ਪਲਾਜ਼ਿਆਂ ‘ਤੇ ਕਿਸਾਨ ਅੰਦੋਲਨ ਕਰਕੇ ਤਕਰੀਬਨ 150 ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਇਆ ਹੈ। ਇਹ ਜਾਣਕਾਰੀ ਅਥਾਰਟੀ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦਿੱਤੀ।
1 ਅਕਤੂਬਰ ਤੋਂ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਕੇਂਦਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੀਆਂ ਹਨ ਅਤੇ ਉਨ੍ਹਾਂ ਨੇ ਰਾਜ ਦੇ ਪ੍ਰਮੁੱਖ ਮਾਰਗਾਂ ਤੇ ਵੱਖ-ਵੱਖ ਟੋਲ ਪਲਾਜ਼ਾ ’ਤੇ ਧਰਨੇ ਲਗਾਏ ਹੋਏ ਹਨ। ਅੰਦੋਲਨ ਕਰ ਰਹੇ ਕਿਸਾਨਾਂ ਨੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨੂੰ ਵਾਹਨਾਂ ਤੋਂ ਟੋਲ ਵਸੂਲਣ ਤੋਂ ਵੀ ਰੋਕ ਦਿੱਤਾ ਹੈ। ਸਾਰੇ ਵਾਹਨਾਂ ਨੂੰ ਬਿਨਾਂ ਟੋਲ ਅਦਾ ਕੀਤੇ ਇਨ੍ਹਾਂ ਟੋਲ ਪਲਾਜ਼ਿਆਂ ਵਿਚੋਂ ਲੰਘਣ ਦੀ ਆਗਿਆ ਦਿੱਤੀ ਜਾ ਰਹੀ ਹੈ। ਧਿਆਨ ਯੋਗ ਹੈ ਕਿ ਐਨ.ਐਚ.ਏ.ਆਈ ਦੇ ਪੰਜਾਬ ਵਿਚ 25 ਟੋਲ ਪਲਾਜ਼ਾ ਹਨ।
ਐਨਐਚਏਆਈ ਦੇ ਚੰਡੀਗੜ੍ਹ ਵਿੱਚ ਖੇਤਰੀ ਅਧਿਕਾਰੀ ਆਰਪੀ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਡੇਢ ਮਹੀਨੇ ਤੋਂ ਟੋਲ ਪਲਾਜ਼ਾ ’ਤੇ ਅੰਦੋਲਨ ਕਰ ਰਹੀਆਂ ਹਨ, ਜਿਸ ਨਾਲ ਤਕਰੀਬਨ 150 ਕਰੋੜ ਦਾ ਨੁਕਸਾਨ ਹੋਇਆ ਹੈ। ਟੋਲ ਪਲਾਜ਼ਾ ‘ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦਾ ਮਾਮਲਾ ਵੀ ਪੰਜਾਬ ਦੇ ਮੁੱਖ ਸਕੱਤਰ ਅੱਗੇ ਚੁੱਕਿਆ ਗਿਆ ਹੈ। ਟੋਲ ਪਲਾਜ਼ਾ ‘ਤੇ ਹੋਣ ਵਾਲੇ ਮਾਲੀਆ ਦੇ ਨੁਕਸਾਨ ਦਾ ਰਾਜ ਦੇ ਆਉਣ ਵਾਲੇ ਸੜਕ ਪ੍ਰੋਜੈਕਟਾਂ’ ਤੇ ਅਸਰ ਪਵੇਗਾ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਿਆਮ ਅਰੋੜਾ ਨੇ ਵੀ ਕਿਹਾ ਸੀ ਕਿ ਕਿਸਾਨਾਂ ਦੇ ਅੰਦੋਲਨ ਕਾਰਨ ਰਾਜ ਦੀਆਂ ਸਨਅਤਾਂ ਨੂੰ 30,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਕਿਉਂਕਿ ਮਾਲਾਂ ਦੀਆਂ ਗੱਡੀਆਂ ਦੀ ਆਵਾਜਾਈ ਕਿਸਾਨਾਂ ਦੇ ਅੰਦੋਲਨ ਕਾਰਨ ਬੰਦ ਹੋ ਗਈ ਸੀ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਇਹ ਅੰਦੋਲਨ ਹੁਣ ਦੇਸ਼ ਪੱਧਰੀ ਹੋਵੇਗਾ। ਹੁਣ 500 ਦੇ ਲਗਭਗ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਜਾ ਕੇ ਆਪਣੇ ਮੁਜ਼ਾਹਰੇ ਕਰਨਗੀਆਂ ਅਤੇ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰਨਗੀਆਂ।