NIA also issues notices : ਜਲੰਧਰ : ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਅਕਾਲ ਤਖ਼ਤ ਦੇ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਸਣੇ ਹੋਰ ਲੋਕਾਂ ਨੂੰ ਵੀ ਪੁੱਛ-ਗਿੱਛ ਲਈ ਬੁਲਾਇਆ ਗਿਆ ਹੈ। ਅਦਾਕਾਰ ਨੂੰ ਅੱਜ ਤਲਬ ਕੀਤਾ ਗਿਆ ਹੈ। ਉਨ੍ਹਾਂ ਨੂੰ 15 ਦਸੰਬਰ, 2020 ਨੂੰ ਐਨਆਈਏ ਵੱਲੋਂ ਦਿੱਲੀ ਵਿਖੇ ਸਿਖਸ ਫਾਰ ਜਸਟਿਸ ਵਿਰੁੱਧ ਕਾਨੂੰਨ ਦੇ ਸਖਤ ਉਪਬੰਧਾਂ ਅਧੀਨ, ਯੂ.ਏ.ਪੀ.ਏ ਅਤੇ ਦੇਸ਼ ਧ੍ਰੋਹ ਸਮੇਤ ਦਰਜ ਕੀਤੇ ਕੇਸ ਦੇ ਮਾਮਲੇ ਵਿੱਚ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਨੋਟਿਸ ਭੇਜੇ ਗਏ ਸਨ। ਪੰਜਾਬ ਵਿੱਚ ਘੱਟੋ ਘੱਟ ਦੋ ਦਰਜਨ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਅਤੇ ਖਦਸ਼ਾ ਹੈ ਕਿ ਇਹ ਗਿਣਤੀ ਵੱਧ ਸਕਦੀ ਹੈ।
ਇਸ ‘ਤੇ ਦੀਪ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਸਿੱਖ ਫਾਰ ਜਸਿਟਸ ਨਾਮ ਦੇ ਕਿਸੇ ਸੰਗਠਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਐਨਆਈਏ ਰਾਹੀਂ ਸੰਮਨ ਭੇਜ ਕੇ ਕੇਂਦਰ ਕਿਸਾਨਾਂ ਦਾਸਾਥ ਦੇ ਰਹੇ ਲੋਕਾਂ ਨੂੰ ਧਮਕਾਉਣਾ ਚਾਹੁੰਦੀ ਹੈ। ਦੀਪ ਸਿੱਧੂ ਨੇ ਕਿਹਾ ਕਿ ਮੈਨੂੰ ਸੰਮਨ ਦੇਖ ਕੇ ਜ਼ਰਾ ਵੀ ਹੈਰਾਨੀ ਨਹੀਂ ਹੋਈ, ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਡਰਾਉਣ-ਧਮਕਾਉਣ ਲਈ ਜੋ ਹੋ ਸਕੇ ਉਹ ਸਭ ਕਰ ਰਹੀ ਹੈ। ਮੈਨੂੰ ਇਨ੍ਹਾਂ ਨੋਟਿਸ ਨਾਲ ਫਰਕ ਨਹੀਂ ਪੈਣ ਵਾਲਾ ਹੈ, ਮੇਰਾ ਸਿੱਖ ਫਾਰ ਜਸਟਿਸ ਨਾਲ ਕੋਈ ਸੰਬੰਧ ਨਹੀਂ ਰਿਹਾ ਹੈ। ਕੋਈ ਕਾਰਨ ਨਹੀਂ ਹੈ ਕਿ ਮੈਂ ਲੋਕਾਂ ਦੇ ਸੰਪਰਕ ਵਿੱਚ ਰਹਾਂ, ਉਹ ਕੌਣ ਲੋਕ ਹਨ ਇਹ ਜਾਣਕਾਰੀ ਵੀ ਮੈਨੂੰ ਨਹੀਂ ਹੈ।
ਸ਼ੁਰੂਆਤੀ ਤੌਰ ‘ਤੇ ਚਾਰ ਵਿਅਕਤੀਆਂ ਨੂੰ ਐਨਆਈਏ ਨੋਟਿਸ ਮਿਲੇ ਸਨ ਅਤੇ ਇਹ ਮਾਮਲਾ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਖੇਤ ਯੂਨੀਅਨ ਦੇ ਨੇਤਾਵਾਂ ਦਰਮਿਆਨ ਹੋਈ ਬੈਠਕ ਦੌਰਾਨ ਸਾਹਮਣੇ ਆਇਆ ਸੀ। ਘੱਟੋ-ਘੱਟ ਇੱਕ ਦਰਜਨ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਐਨਆਈਏ ਦੁਆਰਾ ਸ਼ਨੀਵਾਰ ਤੱਕ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਵਿਚੋਂ ਬਹੁਤਿਆਂ ਨੂੰ 17 ਤੋਂ 19 ਜਨਵਰੀ ਦੇ ਵਿਚਕਾਰ ਐਨਆਈਏ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਨੂੰ ਪਹਿਲਾਂ ਹੀ ਨੋਟਿਸ ਭੇਜਿਆ ਗਿਆ ਸੀ ਅਤੇ ਅਦਾਕਾਰ ਨੂੰ ਵੀ ਸ਼ਨੀਵਾਰ ਨੂੰ ਇਸ ਨੂੰ ਪ੍ਰਾਪਤ ਕੀਤਾ ਸੀ।