Nominations for the Teacher State : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅਧਿਆਪਕ ਸਟੇਟ ਐਵਾਰਡ 2020 ਲਈ ਅੱਜ 18 ਜੁਲਾਈ ਤੋਂ 30 ਜੁਲਾਈ ਤੱਕ ਆਨਲਾਈਨ ਨਾਮੀਨੇਸ਼ਨ ਭੇਜੇ ਜਾ ਸਕਦੇ ਹਨ। ਇਸ ਐਵਾਰਡ ਲਈ ਉਸ ਅਧਿਆਪਕ ਜਾਂ ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ, ਜਿਸ ਨੇ ਸਰਵਿਸ ਦੇ ਘੱਟੋ ਘੱਟ 10 ਸਾਲ ਪੂਰੇ ਹੋਏ ਪੂਰੇ ਕੀਤੇ ਹਨ। ਇਸ ਤੋਂ ਇਲਾਵਾ ਐਸ.ਐਸ.ਏ., ਆਰ.ਐਮ.ਐਸ.ਏ., ਪੀ.ਆਈ.ਸੀ.ਟੀ.ਈ.ਸੀ. ਦੇ ਅਧੀਨ ਕੰਮ ਕਰਦੇ ਰੈਗੂਲਰ ਸਰਵਿਸ ਵਜੋਂ 10 ਸਾਲ ਪੂਰੇ ਕਰਨ ਵਾਲੇ ਅਧਿਆਪਕਾਂ ਦੀ ਨਾਮੀਨੇਸ਼ਨ ਵੀ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਇਹ ਅਵਾਰਡ 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀ/ ਜ਼ਿਲ੍ਹਾ ਸਿੱਖਿਆ ਅਫਸਰ/ਸਹਾਇਕ ਡਾਇਰੈਕਟਰ/ਡਿਪਟੀ ਡਾਇਰੈਕਟ/ ਡਾਇਰੈਕਟਰ ਜਨਰਲ ਸਕੂਲ ਸਿੱਖਿਆ/ ਸਿੱਖਿਆ ਸਕੱਤਰ ਵੱਲੋਂ ਵੀ ਕਿਸੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਸਟੇਟ ਐਵਾਰਡ ਲਈ ਨਾਮੀਨੇਸ਼ਨ ਕਰਨ ਵੇਲੇ ਆਪਣੀ ਹੱਥ ਲਿਖਤ ਵਿੱਚ ਘੱਟੋ ਘੱਟ 250 ਸ਼ਬਦਾਂ ਵਿੱਚ ਲਿਖ ਕੇ ਜਾਣਕਾਰੀ ਦੇਵੇਗਾ ਕਿ ਇਸ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਉਹ ਕਿਉ ਕਰਨਾ ਚਾਹੁੰਦਾ ਹੈ। ਦੱਸਣਯੋਗ ਹੈ ਕਿ ਕਿਸੇ ਵੀ ਅਧਿਆਪਕ/ਸਕੂਲ ਮੁਖੀ ਦੀ ਸਟੇਟ ਅਵਾਰਡ ਲਈ ਕੋਈ ਵੀ ਦੂਸਰਾ ਅਧਿਆਪਕ/ਸਕੂਲ ਮੁਖੀ/ਇੰਚਾਰਜ ਨਾਮੀਨੇਸ਼ਨ ਕਰ ਸਕਦਾ ਹੈ। ਕੋਈ ਵੀ ਅਧਿਆਪਕ ਜਾਂ ਸਕੂਲ ਮੁਖੀ ਖੁਦ ਨੂੰ ਸਟੇਟ ਅਵਾਰਡ ਲਈ ਨਾਮੀਨੇਟ ਨਹੀਂ ਕਰ ਸਕਦਾ। ਨਾਮੀਨੇਸ਼ਨ ਕਰਨ ਲਈ ਪੋਰਟਲ ’ਤੇ ਹਰੇਕ ਸਟਾਫ ਮੈਂਬਰ ਦਾ ਵੱਖਰਾ ਆਈ.ਡੀ. ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਮਿਲਿਆ ਹੋਇਆ ਹੈ, ਜਿਸ ਰਾਹੀਂ ਲਾਗ-ਇੰਨ ਕਰਕੇ ਅਧਿਆਪਕ/ਸਕੂਲ ਮੁਖੀ ਦੀ ਨਾਮੀਨੇਸ਼ਨ ਕੀਤੀ ਜਾ ਸਕਦੀ ਹੈ।