Now you have to pay : ਪੰਜਾਬ ਵਿਚ ਹੁਣ ਫਾਇਰ ਸੇਫਟੀ ਦਾ ਐਨਓਸੀ ਲੈਣ ਲਈ ਮੋਟੀ ਰਕਮ ਭਰਨੀ ਪਏਗੀ। ਪੰਜਾਬ ਸਰਕਾਰ ਵੱਲੋਂ ਫਾਇਰ ਐਨਓਸੀ ਲਈ ਅਦਾ ਕੀਤੀ ਜਾਣ ਵਾਲੀ ਫੀਸ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ’ਚ ਫਾਇਰ ਐਨਓਸੀ, ਫਾਇਰ ਰਿਪੋਰਟ ਦੀ ਫੀਸ ਤੈਅ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਕਮੇਟੀ ਦੀ ਸਿਫਾਰਿਸ਼ ’ਤੇ ਵਿਚਾਰ-ਵਟਾਂਦਰਾ ਕਰਨ ਪਿੱਛੋਂ ਇਹ ਫੀਸ ਵਧਾਉਣ ਦਾ ਫੈਸਲਾ ਕਿਤਾ ਗਿਆ ਹੈ। ਇਸ ਦੇ ਨਾਲ ਹੀ ਅੱਗ ਲੱਗਣ ਵਰਗਾ ਜੇਕਰ ਕੋਈ ਭਿਆਨਕ ਹਾਦਸਾ ਵਾਪਰਦਾ ਹੈ ਤਾਂ ਉਸ ਦੇ ਲਈ ਫਾਇਰ ਬ੍ਰਿਗੇਡ ਨੂੰ ਬੁਲਾਉਣ ਲਈ ਪੈਸੇ ਦੇਣੇ ਪੈਣਗੇ। ਅੱਗ ਵਿਚ ਨੁਕਸਾਨ ਜੇਕਰ 10 ਲੱਖ ਤੋਂ ਉਪਰ ਦਾ ਹੁੰਦਾ ਹੈ ਤਾਂ ਇਸ ਲਈ ਫਾਇਰ ਬ੍ਰਿਗੇਡ ਨੂੰ ਪੰਜ ਹਜ਼ਾਰ ਰੁਪਏ ਦੇਣੇ ਪੈਣਗੇ ਤੇ ਜੇਕਰ ਨੁਕਸਾਨ ਦਸ ਲੱਖ ਰੁਪਏ ਦਾ ਹੈ ਤਾਂ ਦੋ ਹਜ਼ਾਰ ਰੁਪਏ ਭਰਨੇ ਪੈਣਗੇ, ਜਦਕਿ ਝੁੱਗੀ-ਝੌਂਪੜੀਆਂ ਤੇ ਖੇਤਾਂ ’ਚ ਅੱਗ ਲੱਗਣ ’ਤੇ ਕਾਲ ਕਰਨ ਲਈ ਕੋਈ ਪੈਸਾ ਨਹੀਂ ਭਰਨਾ ਪਏਗਾ। ਅੱਗ ਲੱਗਣਦੀ ਘਟਨਾ ਹੋਣ ’ਤੇ ਪੁੱਜਣ ਤੋਂ ਪਹਿਲਾਂ ਫੀਸ ਸਿਰਫ 500 ਰੁਪਏ ਹੁੰਦੀ ਸੀ, ਜਿਸ ਨੂੰ ਵਧਾ ਕੇ ਹੁਣ 5000 ਰੁਪਏ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਮਿਊਂਸੀਪਲ ਲਿਮਟ ’ਚ ਆਉਂਦੇ ਖੇਤਰ ਜਿਵੇਂ ਸਰਕਸ, ਮੇਲੇ, ਤਿਉਹਾਰ ਮੌਕੇ ਸਟਾਲ, ਪ੍ਰਦਰਸ਼ਨੀ, ਟੈਂਟ, ਪੰਡਾਲ ਲਈ ਫਾਇਰ ਐਨਓਸੀ ਦੀ ਫੀਸ ਦਸ ਹਜ਼ਾਰ ਰੁਪਏ ਰਖੀ ਗਈ ਹੈ, ਜਦਕਿ ਸਰਕਾਰੀ ਤੇ ਧਾਰਮਿਕ ਪ੍ਰੋਗਰਾਮ ਦੀ ਮਨਜ਼ੂਰੀ ਬਿਲਕੁਲ ਮੁਫਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਤਿੰਨ ਸਟਾਰ ਹੋਟਲ, ਹੋਰ ਵਪਾਰ ਅਦਾਰੇ, 15 ਮੀਟਰ ਤੋਂ ਉੱਚੀਆਂ ਇਮਾਰਤਾਂ ਤੇ ਗਰੁੱਪ ਹਾਊਸਿੰਗ, ਪੰਜ ਮਰਲੇ ਤੋਂ ਵੱਡੀ ਇੰਸਟੀਚਿਊਸ਼ਨਲ ਇਮਾਰਤਾਂ ਲਈ 10 ਹਜ਼ਾਰ ਰੁਪਏ, ਜਦਕਿ ਪੰਜ ਮਰਲੇ ਤੋਂ ਘੱਟ ਵਾਲੀਆਂ ਇਮਾਰਤਾਂ ਲਈ ਪੰਜ ਹਜ਼ਾਰ ਰੁਪਏ ਐਨਓਸੀ ਫੀਸ ਭਰਨੀ ਪਏਗੀ। ਉਥੇ ਹੀ ਸਿਨੇਮਾ, ਪੈਟਰੋਲ ਪੰਪ, ਗੁਦਾਮ, 15 ਮੀਟਰ ਜਾਂ ਉਸ ਤੋਂ ਜ਼ਿਆਦਾ ਉੱਚੀਆਂ ਇਮਾਰਤਾਂ, ਰਿਹਾਇਸ਼ੀ ਕਾਲੋਨੀਆਂ, ਿਤੰਨ ਸਟਾਰ ਹੋਟਲ, ਮਾਲ, ਮੈਰਿਜ, ਪੈਲੇਸ, ਹਸਪਤਾਲ, ਸਨਅਤੀ ਯੂਨਿਟ ਤੇ ਅਦਾਰਿਆਂ ਲਈ ਐਨਓਸੀ ਦੀ ਫੀਸ 20 ਹਜ਼ਾਰ ਰੁਪਏ ਤੈਅ ਕੀਤੀ ਗਈ ਹੈ। ਜਦਕਿ 150 ਵਿਦਿਆਰਥੀਆਂ ਤੋਂ ਉਪਰ ਦੀ ਸਮਰੱਥਾ ਵਾਲੇ ਸਕੂਲਾਂ/ਕਾਲਜਾਂ ਨੂੰ ਫਾਇਰ ਐਨਓਸੀ ਲੈਣ ਲਈ 10 ਹਜ਼ਾਰ ਰੁਪਏ ਫੀਸ ਅਦਾ ਕਰਨੀ ਪਏਗੀ ਅਤੇ 150 ਵਿਦਿਆਰਥੀਆਂ ਤੋਂ ਘੱਟ ਸਮਰੱਥਾ ਵਾਲੇ ਸਕੂਲ/ਕਾਲਜਾਂ ਲਈ ਇਹ ਫੀਸ ਪੰਜ ਹਜ਼ਾਰ ਰੁਪਏ ਰਹੇਗੀ।
ਸਥਾਨਕ ਸਰਕਾਰਾਂ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਸੰਜੇ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਫਾਇਰ ਐਨਓਸੀ ਰੀਨਿਊ ਕਰਵਾਉਣ ਦੀ ਫੀਸ ਮੁੱਖ ਫੀਸ ਤੋਂ ਅੱਧੀ ਰਹੇਗੀ। ਇਸ ਦੇ ਨਾਲ ਹੀ ਹਰ ਸਾਲ ਪਹਿਲੀ ਅਪ੍ਰੈਲ ਤੋਂ ਇਸ ਫੀਸ ਵਿਚ 10 ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਅਜਿਹੇ ’ਚ ਪੰਜਾਬ ਦੇ ਲੋਕਾਂ ਨੂੰ ਹੁਣ ਫਾਇਰ ਐਨਓਸੀ ਲਈ ਕਰੋੜਾਂ ਰੁਪਏ ਤੋਂ ਵੀ ਵੱਧ ਦੀ ਫੀਸ ਅਦਾ ਕਰਨੀ ਪਏਗੀ।