NSUI and Youth Congress : ਚੰਡੀਗੜ੍ਹ ਐਨਐਸਯੂਆਈ, ਯੂਥ ਕਾਂਗਰਸ ਅਤੇ ਚੰਡੀਗੜ੍ਹ ਕਾਂਗਰਸ ਦੇ ਆਗੂ ਅਤੇ ਵਰਕਰਾਂ ਨੇ ਨੌਕਰੀਆਂ ਨਾ ਮਿਲਣ ’ਤੇ ਕਾਂਗਰਸ ਭਵਨ ਸੈਕਟਰ -35 ਤੋਂ ਨਿਕਲ ਕੇ ਸੈਕਟਰ 33 ਸਥਿਤ ਭਾਜਪਾ ਦਫ਼ਤਰ ਵੱਲ ਪੈਦਲ ਮਾਰਚ ਕੀਤਾ। ਇਸ ਦੌਰਾਨ ਉਹ ’ਨੌਕਰੀ ਦਿਓ ਨਹੀਂ ਤਾਂ ਡਿਗਰੀ ਵਾਪਿਸ ਲਓ’ ਦੇ ਨਾਅਰੇ ਲਗਾ ਰਹੇ ਸਨ। ਪਰ ਉਹ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚ ਸਕੇ ਕਿਉਂਕਿ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਕੀਤਾ ਅਤੇ ਸੈਕਟਰ-34 ਦੇ ਗੁਰੂਦੁਆਰਾ ਨੇੜੇ ਰੋਕ ਲਿਆ। ਇਸ ਤੋਂ ਬਾਅਦ, ਜਦੋਂ ਵਰਕਰ ਬੈਰੀਕੇਡਿੰਗ ਨੂੰ ਤੋੜ ਕੇ ਅੱਗੇ ਵਧਣ ਲੱਗੇ, ਤਾਂ ਪੁਲਿਸ ਨੇ ਵਾਟਰ ਕੈਨਨ ਕਰਕੇ ਉਨ੍ਹਾਂ ‘ਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ ਅਤੇ ਹਲਕਾ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਪਿੱਛੇ ਹਟਾਇਆ।
ਇਸ ਸਮੇਂ ਦੌਰਾਨ, ਚੰਡੀਗੜ੍ਹ ਕਾਂਗਰਸ ਦੇ ਨਵਨਿਯੁਕਤ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਨੇ ਉਨ੍ਹਾਂ ਦੀ ਅਗਵਾਈ ਕੀਤੀ। ਇਨ੍ਹਾਂ ਤੋਂ ਇਲਾਵਾ ਕੌਂਸਲਰ ਦਵਿੰਦਰ ਬਬਲਾ, ਚੰਡੀਗੜ੍ਹ ਯੂਥ ਕਾਂਗਰਸ ਦੇ ਹਰਮਲ ਕੇਸਰੀ ਅਤੇ ਐਨਐਸਯੂਆਈ ਚੰਡੀਗੜ੍ਹ ਦੇ ਇੰਚਾਰਜ ਜਨਰਲ ਸੈਕਟਰੀ ਸ਼ੌਰਿਆਵੀਰ ਸਮੇਤ 500 ਦੇ ਕਰੀਬ ਵਰਕਰ ਮੁਜ਼ਾਹਰ ਵਿੱਚ ਸ਼ਾਮਲ ਹੋ। ਦੇਸ਼ ਅਤੇ ਚੰਡੀਗੜ੍ਹ ਵਿਚ ਵੱਧ ਰਹੀ ਬੇਰੁਜ਼ਗਾਰੀ ਦੇ ਵਿਰੋਧ ਵਿਚ ਕੀਤੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਦੇਸ਼ ਭਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇ ਤਾਂ ਜੋ ਸਾਡੇ ਨੌਜਵਾਨ ਬੇਰੁਜ਼ਗਾਰ ਨਾ ਰਹਿਣ। ਦੱਸ ਦਈਏ ਕਿ ਐਨਐਸਯੂਆਈ ਹਰਿਆਣਾ, ਪੰਜਾਬ ਅਤੇ ਮੱਧ ਪ੍ਰਦੇਸ਼ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਟੈਸਟ ਕਰ ਰਹੀ ਹੈ। ਐਨਐਸਯੂਆਈ 12 ਮਾਰਚ ਨੂੰ ਸੰਸਦ ਦਾ ਘਿਰਾਓ ਕਰੇਗੀ।