ਕੈਨੇਡਾ ਤੇ ਭਾਰਤ ਵਿਚਾਲੇ ਵਿਵਾਦ ਕਾਰਨ ਕੈਨੇਡਾ ਵੱਲੋਂ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦੇ ਬਾਅਦ ਪੰਜਾਬ ਦੇ ਹਜ਼ਾਰਾਂ ਵੀਜ਼ੇ ਫਸ ਸਕਦੇ ਹਨ। ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਪੰਜਾਬ ਤੋਂ ਹਰ ਸਾਲ ਲਗਭਗ ਪੌਣੇ ਦੋ ਲੱਖ ਲੋਕ ਕੈਨੇਡਾ ਵਿਚ ਸਟੱਡੀ ਤੇ ਟੂਰਿਸਟ ਵੀਜ਼ੇ ਦੇ ਜ਼ਰੀਏ ਜਾਂਦੇ ਹਨ। ਹੁਣ ਚੰਡੀਗੜ੍ਹ ਦਫਤਰ ਵਿਚ ਮੈਨੂਅਲ ਵੀਜ਼ੇ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਅਸਰ ਪੰਜਾਬ ਦੇ ਲੋਕਾਂ ‘ਤੇ ਹੋਣਾ ਤੈਅ ਹੈ।
ਭਾਰਤ ਵਿਚ ਆਪਣੇ ਕਾਮਿਆਂ ਦੀ ਗਿਣਤੀ ਘੱਟ ਕਰਨ ਦੇ ਕੈਨੇਡਾ ਦੇ ਕਦਮ ਦੇ ਬਾਅਦ ਹਜ਼ਾਰਾਂ ਮਾਪੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ ਜੋ ਆਪਣੇ ਬੱਚਿਆਂ ਨੂੰ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਦਾਖਲਾ ਲੈਣ ਦੀ ਤਿਆਰੀ ਕਰ ਰਹੇ ਹਨ। ਕਪੂਰਥਲਾ ਸਥਿਤ ਵੀਜ਼ਾ ਕੰਸਲਟੈਂਟ ਦਲਜੀਤ ਸਿੰਘ ਸੰਧੂ ਨੇ ਕਿਹਾ ਕਿ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਦੇਰੀ ਹੋਣ ਵਾਲੀ ਹੈ। ਪ੍ਰੋਸੈਸਿੰਗ ਦਾ ਕੰਮ ਜ਼ਿਆਦਾ ਹੋ ਸਕਦਾ ਹੈ ਤੇ ਇਸ ਵਿਚ ਹੁਣ ਲਗਭਗ 3 ਮਹੀਨੇ ਲੱਗ ਸਕਦੇ ਹਨ। ਆਮ ਤੌਰ ‘ਤੇ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਵਿਚ ਲਗਭਗ ਇਕ ਮਹੀਨੇ ਦਾ ਸਮਾਂ ਲੱਗਦਾ ਹੈ।
ਵਿਦਿਆਰਥੀ ਹੁਣ ਯੂਕੇ ਵਿਚ ਪੜ੍ਹਾਈ ਵਰਗੇ ਹੋਰ ਬਦਲ ਲੱਭ ਸਕਦੇ ਹਨ। ਇਕ ਹੋਰ ਸਲਾਹਕਾਰ ਮੁਤਾਬਕ ਕਈ ਸੰਭਾਵਿਤ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਮਨ ਵਿਚ ਪਹਿਲਾਂ ਤੋਂ ਹੀ ਕਈ ਸੋਸ਼ਲ ਮੀਡੀਆ ਪੋਸਟ ਦੇ ਬਾਅਦ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣ ਨੂੰ ਲੈ ਕੇ ਡਰ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਉਸ ਦੇਸ਼ ਵਿਚ ਕੋਈ ਨੌਕਰੀਆਂ ਨਹੀਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਕੁਝ ਇਲਾਕਿਆਂ ‘ਚ ਬਦਲੇਗਾ ਮੌਸਮ, ਵਿਭਾਗ ਨੇ 16 ਜ਼ਿਲ੍ਹਿਆਂ ‘ਚ ਅੱਜ ਪ੍ਰਗਟਾਈ ਮੀਂਹ ਦੀ ਸੰਭਾਵਨਾ
ਐਸੋਸੀਏਸ਼ਨ ਆਫ ਸਟੱਡੀ ਅਬਰਾਜ ਦੇ ਸਾਬਕਾ ਪ੍ਰਧਾਨ ਸੁਕਾਂਤ ਤ੍ਰਿਵੇਦੀ ਦਾ ਕਹਿਣਾ ਹੈ ਕਿ ਕੈਨੇਡਾ ਪੰਜਾਬ ਦੇ ਨੌਜਵਾਨਾਂ ਦੇ ਵਿਚ ਉਥੋਂ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਪੜ੍ਹਾਈ ਲਈ ਸਭ ਤੋਂ ਜ਼ਿਆਦਾ ਮੰਗ ਵਾਲਾ ਦੇਸ਼ ਹੈ। ਹਰ ਸਾਲ ਪੜ੍ਹਾਈ ਲਈ ਪੰਜਾਬ ਤੋਂ 68 ਹਜ਼ਾਰ ਕਰੋੜ ਦਾ ਖਰਚ ਹੁੰਦਾ ਹੈ। 2022 ਵਿਚ ਸ਼ਰਨਾਰਥੀ ਤੇ ਨਾਗਰਿਕਤਾ ਕੈਨੇਡਾ ਤਹਿਤ ਕੈਨੇਡਾ ਵੱਲੋਂ 2,26,450 ਵੀਜ਼ਾ ਨੂੰ ਮਨਜ਼ੂਰੀ ਮਿਲੀ ਸੀ। ਇਨ੍ਹਾਂ ਵਿਚ ਪੰਜਾਬ ਤੋਂ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ 1.36 ਲੱਖ ਸੀ। ਫਿਲਹਾਲ ਕੈਨੇਡਾ ਵਿਚ 3.4 ਲੱਖ ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਵੀਜ਼ਾ ਚੰਡੀਗੜ੍ਹ ਦਫਤਰ ਤੋਂ ਹੀ ਮਿਲ ਜਾਂਦਾ ਸੀ।
ਵੀਡੀਓ ਲਈ ਕਲਿੱਕ ਕਰੋ -: