ਮੱਧ ਪ੍ਰਦੇਸ਼ ਦੇ ਖੰਡਵਾ ‘ਚ ਰਹਿਣ ਵਾਲੇ 25 ਸਾਲਾ ਵਕੀਲ ਨੂੰ ਹੁਣ ਨੂਪੁਰ ਸ਼ਰਮਾ ਦਾ ਸਮਰਥਨ ਕਰਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਭਾਜਪਾ ਨੇਤਾ ਨੂਪੁਰ ਸ਼ਰਮਾ ਦੇ ਸਮਰਥਨ ‘ਚ ਵਟਸਐਪ ਪੋਸਟ ਕਰਨ ਤੋਂ ਬਾਅਦ ਉਸ ਨੂੰ ਪਾਕਿਸਤਾਨ ਤੋਂ ਧਮਕੀ ਭਰੇ ਸੰਦੇਸ਼ ਮਿਲੇ ਹਨ।
ਦੱਸ ਦੇਈਏ ਕਿ ਵਿਅਕਤੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਪਾਕਿਸਤਾਨ ਕਨੈਕਸ਼ਨ ਦਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਸ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ‘ਤੇ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਕ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵਕਾਲਤ ਕਰ ਰਹੇ ਅਸੀਮ ਜੈਸਵਾਲ ਨੇ ਦੱਸਿਆ ਕਿ ਉਸ ਦੇ ਵਟਸਐਪ ਨੰਬਰ ‘ਤੇ ਧਮਕੀ ਭਰੀ ਆਡੀਓ ਰਿਕਾਰਡਿੰਗ ਭੇਜੀ ਗਈ ਹੈ। ਜੈਸਵਾਲ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਨੇ ਆਪਣੀ ਇੱਕ ਵਟਸਐਪ ਪੋਸਟ ਵਿੱਚ ਨੂਪੁਰ ਸ਼ਰਮਾ ਦੀ ਟਿੱਪਣੀ ਦਾ ਸਮਰਥਨ ਕੀਤਾ ਸੀ।
ਐਸਪੀ ਵਿਵੇਕ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਕਿਹਾ ਹੈ ਕਿ ਉਸ ਨੂੰ ਇੱਕ ਅਣਪਛਾਤੇ ਫ਼ੋਨ ਨੰਬਰ ਤੋਂ ਧਮਕੀ ਭਰੇ ਵਾਇਸ ਸੁਨੇਹੇ ਮਿਲੇ ਹਨ। ਅਸੀਂ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮ ਸ਼ਿਕਾਇਤਕਰਤਾ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਸ ਦੇ ਸੰਪਰਕ ਵਿੱਚ ਹਨ। ਸਿਟੀ ਦੇ ਐਸਪੀ (ਸੀਐਸਪੀ) ਪੀਸੀ ਯਾਦਵ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੂੰ 26 ਜੁਲਾਈ ਦੀ ਰਾਤ ਨੂੰ ਵਾਇਸ ਮੈਸੇਜ ਮਿਲਿਆ ਸੀ। ਵਕੀਲ ਦੇ ਵਟਸਐਪ ਨੰਬਰ ਦੀ ਵੌਇਸ ਰਿਕਾਰਡਿੰਗ ਵਿਚ ਉਸ ਨੂੰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ‘ਚ ਕਿਹਾ ਗਿਆ ਹੈ ਤੁਹਾਨੂੰ ਨੂਪੁਰ ਸ਼ਰਮਾ ਦੇ ਸਮਰਥਨ ਦੀ ਕੀਮਤ ਚੁਕਾਉਣੀ ਪਵੇਗੀ।