Oldage man died : ਤਰਨਤਾਰਨ : ਕੋਰੋਨਾ ਦੀ ਦਹਿਸ਼ਤ ਲੋਕਾਂ ਦੇ ਦਿਲੋ-ਦਿਮਾਗ ’ਤੇ ਬੁਰੀ ਤਰ੍ਹਾਂ ਅਸਰ ਕਰ ਰਹੀ ਹੈ ਕਿ ਉਹ ਇਸ ਬੀਮਾਰੀ ਦਾ ਨਾਂ ਸੁਣਦੇ ਹੀ ਬੁਰੀ ਤਰ੍ਹਾਂ ਸਹਿਮ ਜਾਂਦੇ ਹਨ। ਅਜਿਹੀ ਦੀ ਦਹਿਸ਼ਤ ਦਾ ਮਾਮਲਾ ਸਾਹਮਣੇ ਆਇਆ ਤਰਤਾਰਨ ਵਿੱਚ ਜਿਥੇ ਇੱਕ ਬਜ਼ੁਰਗ ਨੂੰ ਜਦੋਂ ਪਤਾ ਲੱਗਾ ਕਿ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤਾਂ ਉਹ ਇਹ ਸੁਣਦੇ ਹੀ ਹੇਠਾਂ ਡਿੱਗ ਗਿਆ। ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਪਾਣੀ ਪਿਲਾ ਕੇ ਐਮਰਜੈਂਸੀ ਵਾਰਡ ਤੱਕ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬਜ਼ੁਰਗ ਦੀ ਲਾਸ਼ ਸਿਵਲ ਹਸਪਤਾਲ ਸਥਿਤ ਮੋਰਚਰੀ ਵਿੱਚ ਰੱਖਵਾਈ ਗਈ ਹੈ। ਹੁਣ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਦੇ ਵੀ ਕੋਵਿਡ ਟੈਸਟ ਕੀਤੇ ਜਾਣਗੇ।
ਮਿਲੀ ਜਾਣਕਾਰੀ ਮੁਤਾਬਕ ਤਰਨਤਾਰਨ ਰੋਡ ਦੇ ਰਹਿਣ ਵਾਲੇ ਬਜ਼ੁਰਗ ਨੂੰ ਹਲਕਾ ਬੁਖਾਰ ਸੀ। ਕੋਰੋਨਾ ਦੀ ਸੰਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੇ ਸਿਵਲ ਹਸਪਤਾਲ ਸਥਿਤ ਕੋਵਿਡ ਸੈਂਪਲ ਕਲੈਕਸ਼ਨ ਸੈਂਟਰ ਵਿੱਚ ਟੈਸਟ ਕਰਵਾਇਆ। ਰੈਪਿਡ ਕਾਰਡ ਟੈਸਟ ਦੀ ਰਿਪੋਰਟ ਸਿਰਫ ਵੀਹ ਮਿੰਟਾਂ ਵਿੱਚ ਆ ਗਈ, ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ। ਸੈਂਟਰ ਦੇ ਸਟਾਫ ਨੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਅਤੇ ਹੋਮ ਆਈਸੋਲੇਸ਼ ਦਾ ਫਾਰਮ ਭਰਵਾਉਣ ਲਈ ਬੁਲਾਇਆ। ਪਾਜ਼ੀਟਿਵ ਰਿਪੋਰਟ ਦੀ ਗੱਲ ਸੁਣਦੇ ਹੀ ਬਜ਼ੁਰਗ ਘਬਰਾ ਗਏ। ਉਨ੍ਹਾਂ ਦੇ ਹੱਥ-ਪੈਰ ਕੰਬਣ ਲੱਗ ਗਏ। ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਪਾਣੀ ਪਿਲਾਇਆ ਅਤੇ ਐਮਰਜੈਂਸੀ ਵਾਰਡ ਲੈ ਗਏ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਥੇ ਕੋਰੋਨਾ ਪਾਜ਼ੀਟਿਵ ਰਿਪੋਰਟ ਮਿਲਦੇ ਹੀ ਲੋਕ ਘਬਰਾ ਜਾਂਦੇ ਹਨ। ਹਸਪਤਾਲ ਵਿੱਚ ਇਲਾਜ ਦੌਰਾਨ ਵਾਰ-ਵਾਰ ਡਾਕਟਰਾਂ ਤੋਂ ਪੁੱਛਦੇ ਹਨ ਕਿ ਕੀ ਉਹ ਬੱਚ ਜਾਣਗੇ। ਜਾਗਰੂਕਤਾ ਦੀ ਘਾਟ ਹੋਣ ਕਾਰਨ ਅਤੇ ਕੋਰੋਨਾ ਦੀ ਫੈਲੀ ਦਹਿਸ਼ਤ ਕਾਰਨ ਉਨ੍ਹਾਂ ਦੀ ਹਾਰਟ ਅਟੈਕ ਨਾਲ ਹੀ ਮੌਤ ਹੋ ਜਾਂਦੀ ਹੈ। ਇਸ ਬਜ਼ੁਰਗ ਦੇ ਸੰਦਰਭ ਵਿੱਚ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਵੀ ਇਹੀ ਕਹਿਣਾ ਹੈ ਕਿ ਡਰ ਕਾਰਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਅਂਮ੍ਰਿਤਸਰ ਵਿੱਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਵਿੱਚ ਹਾਰਟ ਅਟੈਕ ਨਾਲ ਮਰਨ ਵਾਲਿਆਂ ਦੀ ਗਿਣਤੀ 10 ਫੀਸਦੀ ਹੈ।