Olympic athlete Neelam : ਪਟਿਆਲਾ : ਕੇਂਦਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਅੰਦੋਲਨ ਲਈ ਡਟੇ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਕਿਸਾਨ ਪੰਜਾਬ ਸੂਬੇ ਦੇ ਹਨ। ਇੱਕ ਪਾਸੇ ਜਿਥੇ ਕਿਸਾਨਾਂ ਵੱਲੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਤੇਜ਼ ਕੀਤਾ ਜਾ ਰਿਹਾ ਹੈ। ਉਥੇ ਹੀ ਉਨ੍ਹਾਂ ਨੂੰ ਆਮ ਲੋਕਾਂ ਤੋਂ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦੀ ਸਮਰਥਨ ਵਿੱਚ ਅੱਗੇ ਆਈ ਦੇਸ਼ ਲਈ ਡਿਸਕਸ ਥ੍ਰੋਅਰ ਵਜੋਂ ਦੁਨੀਆ ਦੇ ਹਰ ਖੇਡ ਮੁਕਾਬਲੇ ਵਿੱਚ ਨਾਂ ਕਮਾਉਣ ਵਾਲੀ ਐਥਲੀਟ ਨੀਲਮ ਜੇ ਸਿੰਘ ਨੇ ਵੀ ਆਪਣਾ ਅਰਜੁਨ ਐਵਾਰਡ (1998) ਭਾਰਤ ਸਰਕਾਰ ਨੂੰ ਵਾਪਿਸ ਕਰਨ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਪੰਜਾਬ ਤੋਂ 30 ਤੋਂ ਵੱਧ ਖਿਡਾਰੀਆਂ ਨੇ ਕਿਸਾਨਾਂ ਦੇ ਸਮਰਥਨ ਵਿੱਚ ਐਵਾਰਡ ਵਾਪਿਸ ਕੀਤੇ ਹਨ, ਜਿਨ੍ਹਾਂ ਵਿੱਚ ਵਿਜੇਂਦਰ ਸਿੰਘ, ਖੇਡ ਰਤਨ ਐਵਾਰਡ, ਮੁੱਕੇਬਾਜ਼ੀ, ਹਰਿਆਣਾ ਕਰਤਾਰ ਸਿੰਘ, ਪਦਮਸ੍ਰੀ, ਸਾਬਕਾ ਆਈਜੀ ਅਤੇ ਪਹਿਲਵਾਨ, ਪੰਜਾਬ ਅਜੀਤਪਾਲ, ਦ੍ਰੋਣਾਚਾਰੀਆ ਐਵਾਰਡੀ, ਹਾਕੀ ਖਿਡਾਰੀ ਪੰਜਾਬ ਰਾਜਬੀਰ ਕੌਰ, ਅਰਜੁਨ ਐਵਾਰਡੀ, ਹਾਕੀ, ਪੰਜਾਬ ਗੁਰਮੇਲ ਸਿੰਘ, ਧਿਆਨਚੰਦ ਐਵਾਰਡੀ, ਹਾਕੀ, ਪੰਜਾਬ ਪਿਆਰਾ ਸਿੰਘ, ਨੈਸ਼ਨਲ ਐਵਾਰਡ ਕੁਸ਼ਤੀ, ਪੰਜਾਬ ਕੌਰ ਸਿੰਘ, ਅਰਜੁਨ ਐਵਾਰਡੀ, ਪੰਜਾਬ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਸਾਹਿਤਕਾਰਾਂ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਪਣੇ ਐਵਾਰਡ ਵਾਪਿਸ ਕੀਤੇ ਹਨ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਬਾਰਡਰ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦਾ ਅੱਜ 16ਵਾਂ ਦਿਨ ਹੈ। ਉਥੇ ਹੀ ਕੜਾਕੇ ਦੀ ਪੈ ਰਹੀ ਠੰਡ ਦੌਰਾਨ ਕਿਸਾਨਾਂ ਨੂੰ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬੀਤੀ ਰਾਤ ਵੀ ਦਿੱਲੀ ਸਰਹੱਦ ‘ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਉਧਰ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰੇਗੀ ਪਰ ਉਹ ਇਨ੍ਹਾਂ ਵਿੱਚ ਸੋਧ ਕਰਨ ਲਈ ਤਿਆਰ ਹੈ। ਉਥੇ ਹੀ ਕਿਸਾਨਾਂ ਦਾ ਕਹਿਣਾ ਦਾ ਕਹਿਣਾ ਹੈ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਕਿਸਾਨਾਂ ਵੱਲੋਂ ਹੁਣ ਭਾਰਤ ਵਿੱਚ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਹੁਣ ਉਹ ਪੂਰੇ ਭਾਰਤ ਦੇ ਰੇਲਵੇ ਟਰੈਕ ਬਲਾਕ ਕਰਨਗੇ। ਪੂਰੇ ਦੇਸ਼ ਤੋਂ ਦਿੱਲੀ ਬਾਰਡਰ ‘ਤੇ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਲਗਾਤਾਰ ਸ਼ਾਮਲ ਹੋ ਰਹੇ ਹਨ।