Once Upon a Virus: ਬੀਜਿੰਗ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਜੰਗ ਜਾਰੀ ਹੈ । ਅਮਰੀਕਾ ਲਗਾਤਾਰ ਚੀਨ ਨੂੰ ਇਸ ਵਾਇਰਸ ਨੂੰ ਫੈਲਾਉਣ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ । ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ ‘ਤੇ ਵੀ ਪੱਖਪਾਤ ਦਾ ਦੋਸ਼ ਲਗਾ ਚੁੱਕੇ ਹਨ । ਜਦਕਿ ਚੀਨ ਲਗਾਤਾਰ ਕਹਿ ਰਿਹਾ ਹੈ ਕਿ ਅਮਰੀਕਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ । ਇਸ ਵਿਚਾਲੇ ਚੀਨ ਵੱਲੋਂ ਇੱਕ ਐਨੀਮੇਟਿਡ ਵੀਡੀਓ ਜ਼ਰੀਏ ਅਮਰੀਕਾ ਨੂੰ ਚਿੜ੍ਹਾਇਆ ਗਿਆ ਹੈ ।
ਦਰਅਸਲ, ‘Once Upon a Virus’ ਨਾਮ ਦੇ ਟਾਈਟਲ ਵਾਲੇ ਇੱਕ ਐਨੀਮੇਟਿਡ ਵੀਡੀਓ ਨੂੰ ਟਵਿੱਟਰ ‘ਤੇ ਪੋਸਟ ਕੀਤਾ ਹੈ । ਇਸ ਵੀਡੀਓ ਵਿੱਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਚੀਨ ਲਗਾਤਾਰ ਵਾਇਰਸ ਨੂੰ ਲੈ ਕੇ ਸਾਵਧਾਨ ਕਰਦਾ ਰਿਹਾ ਹੈ, ਜਦਕਿ ਅਮਰੀਕਾ ਉਸ ਚੇਤਾਵਨੀ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਤੇ ਬਾਅਦ ਵਿੱਚ ਹੁਣ ਉਲਟਾ ਚੀਨ ‘ਤੇ ਹੀ ਦੋਸ਼ ਲਗਾ ਰਿਹਾ ਹੈ ।
ਦਿਲਚਸਪ ਗੱਲ ਇਹ ਹੈ ਕਿ ਫਰਾਂਸ ਵਿੱਚ ਚੀਨ ਦੀ ਅੰਬੈਸੀ ਨੇ ਟਵਿੱਟਰ ‘ਤੇ ਇਸ ਵੀਡੀਓ ਨੂੰ ਅਪਲੋਡ ਕੀਤਾ ਹੈ । ਹੁਣ ਇਹ ਪੂਰੀ ਦੁਨੀਆ ਵਿੱਚ ਵਾਇਰਲ ਹੋ ਰਿਹਾ ਹੈ । ਵੀਡੀਓ ਵਿੱਚ ਕਾਰਟੂਨਾਂ ਰਾਹੀਂ ਦਿਖਾਇਆ ਗਿਆ ਹੈ ਕਿ ਵਾਇਰਸ ਦੀ ਸ਼ੁਰੂਆਤ ਤੋਂ ਲੈ ਕੇ ਚੀਨ ਲਗਾਤਾਰ ਦੁਨੀਆ ਨੂੰ ਜਾਣਕਾਰੀ ਦਿੰਦਾ ਰਿਹਾ ਹੈ, ਜਦਕਿ ਅਮਰੀਕਾ ਇਸ ਸੱਚਾਈ ਨੂੰ ਟਾਲਦਾ ਰਿਹਾ ।
ਦੱਸ ਦੇਈਏ ਕਿ ਇਸ 1 ਮਿੰਟ 39 ਸੈਕੰਡ ਦੇ ਵੀਡੀਓ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਚੀਨ ਨੇ ਜਨਵਰੀ ਵਿੱਚ ਆਪਣੇ ਇੱਥੇ ਲਾਕਡਾਊਨ ਦਾ ਐਲਾਨ ਕੀਤਾ ਅਤੇ ਅਮਰੀਕਾ ਨੇ ਉਸ ਨੂੰ ਵਹਿਸ਼ੀਆਨਾ ਦੱਸਿਆ ਅਤੇ ਚੀਨ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਦੋਸ਼ ਲਗਾਇਆ । ਹੁਣ ਇਸ ਵੀਡੀਓ ਨੂੰ ਲੈ ਕੇ ਟਵਿੱਟਰ ‘ਤੇ ਕਾਫੀ ਚਰਚਾ ਹੋ ਰਹੀ ਹੈ।