One more Farmer in Punjab : ਪੰਜਾਬ ਵਿੱਚ ਇੱਕ ਹੋਰ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਦਾਰਾਪੁਰ ਵੈਰੋਵਾਲ ਦੇ ਵਸਨੀਕ ਕਿਸਾਨ 55 ਸਾਲਾ ਸਰਬਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਨੇ ਅੱਜ ਕਰਜੇ ਦੇ ਬੋਝ ਨੂੰ ਨਾ ਸਹਾਰਦਿਆਂ ਹੋਇਆਂ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਦੇ ਭਰਾ ਹਰਵਿੰਦਰ ਸਿੰਘ ਹੈਪੀ ਗਿੱਲ ਅਤੇ ਕਿਸਾਨ ਆਗੂ ਲਖਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਿਰ ਲਗਭਗ 30 ਲੱਖ ਦੇ ਕਰੀਬ ਬੈਂਕਾਂ ਅਤੇ ਆੜਤੀਆਂ ਦਾ ਕਰਜ਼ਾ ਸੀ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਲੰਮੇ ਸਮੇਂ ਤੋਂ ਬੀਮਾਰ ਰਹਿਣ ਕਾਰਨ ਸਰਬਜੀਤ ਸਿਰ ਇਹ ਕਰਜ਼ਾ ਚੜਿਆ ਸੀ। ਤਿੰਨ ਸਾਲ ਪਹਿਲਾਂ ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਸਰਬਜੀਤ ਸਦਮੇ ਵਿੱਚ ਚਲਾ ਗਿਆ ਸੀ ਤੇ ਅੱਜ ਉਸ ਨੇ ਦਿਨੇ ਇਕ ਵਜੇ ਜਦੋਂ ਕਿ ਪਰਿਵਾਰਕ ਮੈਂਬਰ ਘਰੋਂ ਬਾਹਰ ਗਏ ਸਨ, ਪੌੜੀਆਂ ਦੀ ਗਰਿੱਲ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕਿਸਾਨ ਆਗੂ ਲਖਬੀਰ ਸਿੰਘ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਸਿਰ ਚੜਿਆ ਸਮੁੱਚਾ ਕਰਜਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਥਾਣਾ ਵੈਰੋਵਾਲ ਦੇ ਐਸਐਚਓ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।