Online Counseling Helpline : ਲੌਕਡਾਊਨ ਦੌਰਾਨ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿਚ ਕਾਫੀ ਵਾਧਾ ਹੋਇਆ ਹੈ। ਇਸ ਦਿਸ਼ਾ ਵਿਚ ਕਮਿਸ਼ਨਰੇਟ ਪੁਲਿਸ ਵਲੋਂ ਵਿਸ਼ੇਸ਼ ਪਹਿਲ ਕੀਤੀ ਗਈ ਹੈ, ਜਿਸ ਅਧੀਨ ਟੈਲੀਫੋਨ ਰਾਹੀਂ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਇਸ ਤਰ੍ਹਾਂ ਦੀਆਂ ਪੀੜਤ ਔਰਤਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਦੱਸਿਆ ਕਿ ਲੌਕਡਾਊਨ ਦੌਰਾਨ ਔਰਤਾਂ ਪ੍ਰਤੀ ਘਰੇਲੂ ਹਿੰਸਾ ਦੀਆਂ ਸ਼ਿਕਾਇਤਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਦੇ ਹੱਲ ਅਤੇ ਔਰਤਾਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ ਦੀ ਪ੍ਰਧਾਨਗੀ ਹੇਠ ਸਪੈਸ਼ਲ ਪੈਨਲ ਦਾ ਗਠਨ ਕੀਤਾ ਗਿਆ ਹੈ।
ਸ. ਭੁੱਲਰ ਨੇ ਦੱਸਿਆ ਕਿ ਸਬ ਇੰਸਪੈਕਟਰ ਰੈਂਕ ਮਹਿਲਾ ਪੁਲਿਸ ਅਫ਼ਸਰ ਮੋਨਿਕਾ ਅਰੋੜਾ ਵਲੋਂ ਦੋ ਹੋਰ ਸਹਾਇਕ ਸਬ ਇੰਸਪੈਕਟਰਾਂ ਆਸ਼ਾ ਕਿਰਨ ਤੇ ਸੁਮਨ ਬਾਲਾ ਨਾਲ ਪੈਨਲ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੌਕਡਾਊਨ ਦੌਰਾਨ ਸ਼ਿਕਾਇਤਕਰਤਾ ਕੋਲ ਪਹੁੰਚ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਸੰਭਵ ਨਾ ਹੋਣ ਕਰਕੇ ਕਮਿਸ਼ਨਰੇਟ ਪੁਲਿਸ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਅੱਗੇ ਇਸ ਬਾਰੇ ਦੱਸਦਿਆਂ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਔਰਤਾਂ ਨਾਲ ਮਨੋ ਰੋਗ ਮਾਹਿਰ ਡਾ.ਜਸਬੀਰ ਕੌਰ, ਡਾ.ਸਰਬਜੀਤ ਸਿੰਘ ਅਤੇ ਰਾਜਬੀਰ ਕੌਰ ਵਲੋਂ ਸ਼ਿਕਾਇਤਕਰਤਾ ਮਹਿਲਾਵਾਂ ਨਾਲ ਗੱਲਬਾਤ ਕੀਤੀ ਜਾਵੇਗੀ, ਜਿਸ ਵਿਚ ਤਿੰਨ ਪੁਲਿਸ ਅਫਸਰ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਹਿਲਾ ਵਲੋਂ ਕਮਿਸ਼ਨਰੇਟ ਪੁਲਿਸ ਕੋਲ ਅਪਣੀ ਸਮੱਸਿਆ ਸਬੰਧੀ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੈਨਲ ਵਲੋਂ ਉਸ ਨਾਲ ਟੈਲੀਫੋਨ ‘ਤੇ ਸੰਪਰਕ ਕੀਤਾ ਜਾਵੇਗਾ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੈਨਲ ਵਲੋਂ ਕਾਨਫਰੰਸ ਕਾਲ ਰਾਹੀਂ ਪੀੜਤ ਮਹਿਲਾ ਦੀ ਕਾਊਂਸਲਿੰਗ ਕਾਰਕੇ ਉਸ ਦੀ ਸਮੱਸਿਆ ਦਾ ਹੱਲ ਲੱਭਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਨਲਾਈਨ ਕਾਊਂਸਲਿੰਗ ਹੈਲਪਲਾਈਨ ਦਾ ਮੁੱਖ ਮੰਤਵ ਘਰੇਲੂ ਹਿੰਸਾ ਵਿੱਚ ਨਿਆਂ ਪ੍ਰਾਪਤ ਕਰਨ ਲਈ ਮਹਿਲਾਵਾਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ। ਇਸ ਦੇ ਬਾਵਜੂਦ ਜੇਕਰ ਪੀੜਤ ਮਹਿਲਾ ਕਾਊਂਸਲਿੰਗ ਤੋਂ ਸੰਤੁਸ਼ਟ ਨਹੀਂ ਹੁੰਦੀ ਅਤੇ ਆਪਣੇ ਲਈ ਕਾਨੂੰਨੀ ਮਦਦ ਚਾਹੁੰਦੀ ਹੈ ਤਾਂ ਉਸ ਨੂੰ ਕਾਨੂੰਨੀ ਮਦਦ ਵੀ ਦਿੱਤੀ ਜਾਵੇਗੀ।