Orchestra dancer dies : ਬਠਿੰਡਾ ’ਚ ਚਿੱਟੇ ਦੀ ਓਵਰਡੋਜ਼ ਨਾਲ ਇਕ 30 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਆਰਕੇਸਟ੍ਰਾ ਡਾਂਸਰ ਸੀ, ਜਿਸ ਨੂੰ ਉਸ ਦੇ ਨਾਲ ਕੰਮ ਕਰਨ ਵਾਲੀ ਡਾਂਸਰ ਨੇ ਚਿੱਟੀ ਦੀ ਓਵਰਡੋਜ਼ ਦੇ ਦਿੱਤੀ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨਾਂ ਦੇ ਆਧਾਰ ’ਤੇ ਦੋ ਆਰਕੇਸਟ੍ਰਾ ਡਾਂਸਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਕਰਮਜੀਤ ਸਿੰਘ ਉਰਫ ਕਰੀਨਾ ਨਿਵਾਸੀ ਕਿੱਕਰਦਾਸ ਮੁਹੱਲਾ ਬਠਿੰਡਾ ਵਜੋਂ ਹੋਈ ਹੈ। ਕੈਨਾਲ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਹੈ। ਲੜਕੀ ਦੀ ਮਾਂ ਕੁਲਵੰਤ ਕੌਰ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਉਦੋਂ ਤੱਕ ਉਹ ਆਪਣੀ ਧੀ ਦਾ ਸਸਕਾਰ ਨਹੀਂ ਕਰੇਗੀ।
ਥਾਣਾ ਕੈਨਾਲ ਪੁਲਿਸ ਦੇ ਏਐੱਸਆਈ ਕਰਮਜੀਤ ਸਿੰਘ ਨੇ ਕਿਹਾ ਕਿ ਮੁਹੱਲਾ ਕਿੱਕਰ ਦਾਸ ਦੇ ਨਿਵਾਸੀ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਉਸ ਦੀ ਭੈਣ ਕਰਮਜੀਤ ਕੌਰ ਉਰਫ ਕਰੀਨਾ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਨਿਵਾਸੀ ਵਿਅਕਤੀ ਨਾਲ ਹੋਇਆ ਸੀ, ਪਰ ਕੁਝ ਸਮੇਂ ਬਾਅਦ ਉਸ ਦਾ ਤਲਾਕ ਹੋ ਗਿਆ। ਉਦੋਂ ਤੋਂ ਉਸ ਦੀ ਭੈਣ ਪੇਕੇ ਹੀ ਰਹਿ ਰਹੀ ਸੀ। ਕਰਮਜੀਤ ਕੌਰ ਕਾਫੀ ਸਮੇਂ ਤੋਂ ਆਰਕੇਸਟ੍ਰਾ ਦਾ ਕੰਮ ਕਰ ਰਹੀ ਸੀ। 13 ਸਤੰਬਰ ਦੀ ਸ਼ਾਮ 5 ਵਜੇ ਕਰਮਜੀਤ ਕੌਰ ਘਰ ਵਿੱਚ ਹੀ ਸੀ। ਇਸ ਦੌਰਾਨ ਉਸ ਦੀ ਸਹੇਲੀ ਅਮਨ ਕਰਮਜੀਤ ਕੌਰ ਰਾਤ ਨੂੰ ਕੋਈ ਪ੍ਰੋਗਰਾਮ ਕਾਰਨ ਆਪਣੇ ਘਰ ਗਲੀ ਨੰਬਰ 28 ਸੁਰਖਪੀਰ ਰੋਡ ਲੈ ਗਈ। ਲਗਭਗ ਸਾਢੇ 8 ਵਜੇ ਅਮਨ ਦਾ ਉਸ ਦੀ ਮਾਂ ਨੂੰ ਫੋਨ ਆਇਆ ਕਿ ਕਰਮਜੀਤ ਕੌਰ ਬੇਹੋਸ਼ ਪਈ ਹੈ। ਸ਼ਿਕਾਇਤਕਰਤਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਤੁਰੰਤ ਆਪਣੀ ਪਤਨੀ ਬਲਵਿੰਦਰ ਕੌਰ ਤੇ ਮਾਤਾ ਕੁਲਵੰਤ ਕੌਰ ਨੂੰ ਲੈ ਕੇ ਅਮਨ ਦੇ ਘਰ ਪਹੁੰਚੇ ਤਾਂ ਉਸ ਦੀ ਭੈਣ ਕਰਮਜੀਤ ਕੌਰ ਜ਼ਮੀਨ ’ਤੇ ਬੇਹੋਸ਼ ਪਈ ਸੀ ਅਤੇ ਮੌਕੇ ’ਤੇ ਅਮਨ ਅਤੇ ਉਸ ਦੀ ਸਹੇਲੀ ਨਸ਼ੇ ਦੀ ਹਾਲਤ ਵਿੱਚ ਸੀ। ਉਨ੍ਹਾਂ ਨੇ ਤੁਰੰਤ ਕਰਮਜੀਤ ਕੌਰ ਨੂੰ ਗੋਨਿਆਨਾ ਰੋਡ ’ਤੇ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਇਆ, ਜਿਥੇ ਡਾਕਟਰਾਂ ਨੇ ਉਸ ਦੀ ਭੈਣ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਉਹ ਦੁਬਾਰਾ ਅਮਨ ਦੇ ਘਰ ਪਹੁੰਚੇ ਤਾਂ ਉਹ ਘਰ ਨੂੰ ਤਾਲਾ ਲਗਾ ਕੇ ਫਰਾਰ ਹੋ ਚੁੱਕੀ ਸੀ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਅਮਨ ਅਤੇ ਉਸ ਦੀਸਹੇਲੀ ਨੇ ਉਸ ਦੀ ਭੈਣ ਨੂੰ ਨਸ਼ੇ ਦੀ ਓਵਰਡੋਜ਼ ਦੇ ਦਿੱਤੀ, ਜਿਸ ਨਾਲ ਕਰਮਜੀਤ ਕੌਰ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਅਮਨ ਨਿਵਾਸੀ ਸੁਰਖਪੀਰ ਰੋਡ ਤੋਂ ਇਲਾਵਾ ਇਕ ਅਣਪਛਾਤੀ ਔਰਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ, ਮ੍ਰਿਤਕਾ ਦੀ ਮਾਂ ਕੁਲਵੰਤ ਕੌਰ ਨੇ ਦੱਸਿਆ ਕਿ ਮੌਕੇ ’ਤੇ ਚਿੱਟੇ ਤੇ ਨਸ਼ੀਲੀਆਂ ਗੋਲੀਆਂ ਮਿਲੀਆਂ ਜੋ ਉਨ੍ਹਾਂ ਨੇ ਪੁਲਿਸ ਨੂੰ ਸੌਂਪ ਦਿੱਤੀਆਂ ਸਨ। ਕੁਲਵੰਤ ਕੌਰ ਨੇ ਕਿਹਾ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਧੀ ਦਾ ਸੰਸਕਾਰ ਨਹੀਂ ਕਰਨਗੇ।