Order issued for firing : ਜਲੰਧਰ : ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਤਿਉਹਾਰਾਂ ’ਤੇ ਲੋਕਾਂ ਵੱਲੋਂ ਪਟਾਕੇ ਚਲਾ ਕੇ ਇਹ ਤਿਉਹਾਰ ਮਨਾਏ ਜਾਂਦੇ ਹਨ, ਜਿਸ ਨਾਲ ਪਬਲਿਕ ਪ੍ਰਾਪਰਟੀ ਤੇ ਜਾਨੀ ਨੁਕਸਾਨ ਹੋਣ ਵਰਗੇ ਮਾਮਲੇ ਵੀ ਸਾਹਮਣੇ ਆਉਂਦੇ ਹਨ, ਜਿਸ ਦੇ ਚੱਲਦਿਆਂ ਸੁਪਰੀਮ ਕੋਰਟ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇਸ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੰਜਾਬ ਸਰਕਾਰ ਵੱਲੋਂ 5 ਅਕਤੂਬਰ ਨੂੰ ਇਸ ਸੰਬੰਧੀ ਵਿਸਥਾਰਤ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਸੀ ਘਨਸ਼ਿਆਮ ਥੋਰੀ ਦੱਸਿਆ ਕਿ ਧਾਰਾ 144 ਦੇ ਤਹਿਤ ਸਮਰੱਥ ਅਧਿਕਾਰੀ ਦੁਆਰਾ ਅਧਿਕਾਰਤ ਵਿਅਕਤੀ ਨੂੰ ਛੱਡ ਕੇ ਕੋਈ ਵੀ ਵਿਅਕਤੀ ਦੁਸਹਿਰਾ, ਦੀਵਾਲੀ ਤੇ ਗੁਰਪੁਰਬ ਆਦਿ ਤਿਉਹਾਰ ਵਿੱਚ ਆਮ ਤੌਰ ‘ਤੇ ਵਰਤੇ ਜਾਂਦੇ ਪਟਾਕਿਆਂ ਜਾਂ ਵਿਸਫੋਟਕ ਸਮਾਨ ਨੂੰ ਸਟੋਰ, ਪ੍ਰਦਰਸ਼ਿਤ ਜਾਂ ਵੇਚ ਨਹੀਂ ਸਕਦਾ। ਦੁਸਹਿਰਾ, ਦੀਵਾਲੀ ਤੇ ਗੁਰਪੁਰਬ ’ਤੇ ਤੈਅ ਸਮੇਂ ਦੌਰਾਨ ਹੀ ਪਟਾਕੇ ਚਲਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਕਿਸੇ ਨੂੰ ਵੀ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਜਾਰੀ ਹੁਕਮਾਂ ਮੁਤਾਬਕ ਦੁਸਹਿਰੇ ਮੌਕੇ ਸ਼ਾਮ 6 ਵਜੇ ਤੋਂ 7 ਵਜੇ ਤੱਕ ਹੀ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਹੈ। ਉਥੇ ਹੀ ਦੀਵਾਲੀ ’ਤੇ ਰਾਤ ਅੱਠ ਵਜੇ ਤੋਂ 1 ਵਜੇ ਤੱਕ ਅਤੇ ਗੁਰਪੁਰਬ ’ਤੇ ਸਵੇਰੇ 4 ਵਜੇ ਤੋਂ 5 ਵਜੇ ਤੇ ਸ਼ਾਮ 9 ਵਜੇ ਤੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾ ਸਕਦੇ ਹਨ। ਪੁਲਿਸ ਵਿਭਾਗ ਨੂੰ ਇਸ ਸੰਬੰਧੀ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਕਤ ਸਮੇਂ ਮੁਤਾਬਕ ਹੀ ਪਟਾਕੇ ਚਲਾਏ ਜਾਣ ਨੂੰ ਯਕੀਨੀ ਬਣਾਇਆ ਜਾਵੇ। ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਾ ਸੰਬੰਧਤ ਥਾਣੇ ਦਾ ਐਸਐਚਓ ਇਸ ਦੇ ਲਈ ਜਵਾਬਦੇਹ ਹੋਵੇਗਾ।
ਸਾਈਲੈਂਸ ਜ਼ੋਨ ਜਿਵੇਂ ਹਸਪਤਾਲ ਜਾਂ ਸਿੱਖਿਅਕ ਸੰਸਥਾਵਾਂ ਆਦਿ ਦੇ ਨੇੜੇ ਪਟਾਕੇ ਨਹੀਂ ਚਲਾਏ ਜਾਣਗੇ। ਸੁੱਚੀ ਪਿੰਡ ਦੀਆਂ ਹੱਦਾਂ ਦੇ ਵਿਚਾਲੇ ਅਤੇ ਆਓਸੀ, ਬੀਪੀਸੀਐਲ ਅਤੇ ਐਜਪੀਸੀਐਲ ਆਇਲ ਟਰਮੀਨਲ ਦੇ 500 ਗਜ਼ ਦੇ ਇਲਾਕੇ ਵਿੱਚ ਵੀ ਪਟਾਕੇ ਨਹੀਂ ਚਲਾਏ ਜਾਣਗੇ। ਇਹ ਹੁਕਮ 1 ਦਸੰਬਰ ਤੱਕ ਲਾਗੂ ਰਹਿਣਗੇ। ਸਾਰੇ ਜ਼ਿਲ੍ਹਾ ਮੈਜਿਸਟ੍ਰੇਟ, ਕਾਰਜਕਾਰੀ ਮੈਜਿਸਟ੍ਰੇਟ ਅਤੇ ਜ਼ਿਲ੍ਹਾ ਪੁਲਿਸ ਵਿਭਾਗ ਵੱਲੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।