ਪੰਜਾਬ ਵਿੱਚ ਮਾਨਸੂਨ ਦੇਰ ਨਾਲ ਆਉਣ ਕਾਰਨ ਬਿਜਲੀ ਦਾ ਸੰਕਟ ਮੰਡਰਾ ਰਿਹਾ ਹੈ। ਕੜਾਕੇ ਦੀ ਪੈ ਰਹੀ ਗਰਮੀ ਦੌਰਾਨ ਪੂਰੇ ਸੂਬੇ ਵਿੱਚ ਲੰਬੇ ਕੱਟ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਸ਼ਾਮ ਨੂੰ ਇਸ ਮੁੱਦੇ ‘ਤੇ ਐਮਰਜੈਂਸੀ ਬੈਠਕ ਬੁਲਾਈ ਹੈ।
ਹੁਣ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਇੱਕ ਪੱਤਰ ਜਾਰੀ ਕਰਕੇ ਰਾਜ ਦੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਦੀ ਵਰਤੋਂ ਘਟਾਉਣ ਅਤੇ ਅਗਲੇ ਤਿੰਨ ਦਿਨਾਂ ਤੱਕ ਏਸੀ ਨਾ ਚਲਾਉਣ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਮਾਨਸੂਨ ਵਿੱਚ ਦੇਰ, ਝੋਨਾ ਸੀਜ਼ਨ ਅਤੇ ਤਲਵੰਡੀ ਸਾਬੋ ਧਰਮਲ ਪਲਾਂਟ ਦੇ ਇੱਕ ਯੂਨਿਟ ਦੇ ਨਾ ਚੱਲਣ ਕਰਕੇ ਬਿਜਲੀ ਸੰਕਟ ਵੱਧ ਗਿਆ ਹੈ।
ਸੂਬੇ ਵਿੱਚ ਬਿਜਲੀ ਦੀ ਮੰਗ 14500 ਮੈਗਾਵਾਟ ਤੋਂ ਵੱਧ ਪਹੁੰਚ ਗਈ ਹੈ। ਸਾਨੂੰ ਬਿਜਲੀ ਦੀ ਬੱਚਤ ਕਰਨੀ ਪਏਗੀ। ਸੂਬੇ ਦੇ ਸਰਕਾਰੀ ਦਫਤਰਾਂ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦਫਤਰਾਂ ਵਿੱਚ ਬਿਨਾਂ ਲੋੜ ਲਾਈਟ ਅਤੇ ਬਿਜਲੀ ਨਾਲ ਚੱਲਣ ਵਾਲੇ ਉਪਕਰਨਾਂ ਨੂੰ ਤਿੰਨ ਦਿਨ ਤੱਕ ਬੰਦ ਰੱਖਣ।
ਇਹ ਵੀ ਪੜ੍ਹੋ : ਵਿਰਾਸਤ-ਏ-ਖਾਲਸਾ ਨੂੰ ਊਰਜਾ ਬਚਾਉਣ ‘ਚ ਮਿਲਿਆ ਪਹਿਲਾ ਸਥਾਨ, ਲਗਾਤਾਰ ਤੀਜੀ ਵਾਰ ਆਪਣੇ ਨਾਂ ਕੀਤਾ ਐਵਾਰਡ
ਉਥੇ ਹੀ ਭਰੋਸੇ ਦੇ ਬਾਵਜੂਦ ਅੱਠ ਘੰਟੇ ਬਿਜਲੀ ਨਾ ਮਿਲਣ ਕਰਕੇ ਕਿਸਾਨ ਪ੍ਰੇਸ਼ਾਨ ਹਨ। ਨਾਰਾਜ਼ ਕਿਸਾਨਾਂ ਨੇ ਮੰਗਲਵਾਰ ਨੂੰ ਲੁਧਿਆਣਾ-ਬਠਿੰਡਾ ਸੜਕ ਨੂੰ ਛੇ ਘੰਟਿਆਂ ਲਈ ਜਾਮ ਕਰ ਦਿੱਤਾ।