Orders to destroy old food : ਪੰਜਾਬ ਵਿਚ ਕੋਰੋਨਾ ਵਾਇਰਸ ਦੇ ਚੱਲਦਿਆਂ ਪਿਛਲੇ 50 ਦਿਨਾਂ ਤੋਂ ਲੌਕਡਾਊਨ/ ਕਰਫਿਊ ਲੱਗਾ ਹੋਇਆ ਹੈ, ਜਿਸ ਕਾਰਨ ਸੂਬੇ ਵਿਚ ਸਾਰੀਆਂ ਦੁਕਾਨਾਂ ਵੀ ਬੰਦ ਪਈਆਂ ਹਨ। ਲੋਕਾਂ ਦੀ ਸਿਹਤ ਪੱਖੋਂ ਇਨ੍ਹਾਂ ਪੁਰਾਣੀਆਂ ਚੀਜ਼ਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਧਿਆਨ ਵਿਚ ਰਖਦੇ ਹੋਏ ਸਾਰੀਆਂ ਹਲਵਾਈ ਅਤੇ ਹੋਰ ਖਾਣ-ਪੀਣ ਦੀਆਂ ਵਸਤਾਂ ਰਖਣ ਵਾਲੀਆਂ ਦੁਕਾਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਪੁਰਾਣੇ ਭੋਜਨ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਡੱਬਾਬੰਦ ਫੂਡ ਪ੍ਰਾਡਕਟਸ, ਜਿਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ, ਨੂੰ ਵੀ ਨਸ਼ਟ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।
ਇਨ੍ਹਾਂ ਹਿਦਾਇਤਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਸੂਬੇ ਵਿਚ ਫੂਡ ਸੇਫਟੀ ਅਫਸਰਾਂ ਨੂੰ ਵੱਡੇ ਪੱਧਰ ’ਤੇ ਛਾਪੇਮਾਰੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਪੁਰਾਣੇ ਖੁਰਾਕੀ ਪਦਾਰਥਾਂ ਦੇ ਸਹੀ ਢੰਗ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੂਰੇ ਸੂਬੇ ਵਿਚ ਸੈਂਕੜੇ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਥਾਵਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫੂਡ ਕਾਰੋਬਾਰੀਆਂ ਨੂੰ ਇਹ ਵੀ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਹੋਮ ਡਿਲਵਰੀ ਅਤੇ ਆਪਣੇ ਸਥਾਨਾਂ ’ਤੇ ਗਾਹਕਾਂ ਨੂੰ ਸੇਵਾਵਾਂ ਦਿੰਦੇ ਹੋਏ ਸਮਾਜਿਕ ਦੂਰੀਆਂ, ਮਾਸਕ ਅਤੇ ਵਾਰ-ਵਾਰ ਹੱਥ ਧੋਣ ਵਰਗੀਆਂ ਹਿਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਦੇ ਰਹਿਣ।
ਸੁਰੱਖਿਅਤ ਭੋਜਨ ਤਿਆਰ ਕਰਨ ਅਤੇ ਖੁਰਾਕੀ ਵਸਤਾਂ ਦੇ ਨਿਯਮਾਂ ਅਦੀਨ ਸੁਰੱਖਿਅਤ ਭੋਜਨ ਸੇਵਾਵਾਂ ਮੁਹੱਈਆ ਕਰਵਾਉਣ ਲਈ ਭੋਜਨ ਸੰਚਾਲਕਾਂ ਨੂੰ ਆਨਲਾਈਨ ਸਿਖਲਾਈ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਕਾਹਨ ਸਿੰਘ ਪੰਨੂ ਵੱਲੋਂ ਮਿਆਦ ਪੁੱਗ ਚੁੱਕੇ ਜਾਂ ਘਟੀਆ ਅਤੇ ਅਸਰੁੱਖਿਅਤ ਭੋਜਨ ਸਮੱਗਰੀ ਗਾਹਕਾਂ ਨੂੰ ਦੇਣ ਵਾਲੇ ਵਿਅਕਤੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।