Ordinance to be issued : ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਦੇ ਕਿਸਾਨ ਵਿਰੋਧੀ ਕਾਨੂੰਨ ਸੂਬੇ ਵਿਚ ਲਾਗੂ ਨਾ ਹੋ ਸਕਣ ਨੂੰ ਯਕੀਨੀ ਬਣਾਉਣ ਲੱ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਹ ਖੇਤੀਬਾੜੀ ਮੰਡੀ ਐਲਾਨਣ ਲਈ ਤੁਰੰਤ ਆਰਡੀਨੈਂਸ ਜਾਰੀ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਦੇ ਨਵੇਂ ਐਕਟ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਣ ਦਾ ਇਕਲੌਤਾ ਰਾਹ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣਾ ਜਾਂ ਕਿਸਾਨ ਜਿਣਸਾਂ ਲਈ ਮੰਡੀ ਐਲਾਨਣਾ ਹੈ ਕਿਉਂਕਿ ਜਿਸ ਨੂੰ ਵੀ ਰਾਜ ਸਰਕਾਰ ਮਾਨਿਦ ਜਾਂ ਸਰਕਾਰੀ ਮੰਡੀ ਐਲਾਨਦੀ ਹੈ, ਉਸਨੂੰ ਨਵੇਂ ਕੇਂਦਰੀ ਕਾਨੂੰਨਾਂ ਤੋਂ ਛੋਟ ਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਸਾਰੇ ਸੂਬੇ ਨੂੰ ਖੇਤਬਾੜੀ ਜਿਣਸ ਲਈ ਮੰਡੀ ਐਲਾਨਦੇ ਹੋ ਤਾਂ ਫਿਰ ਵੱਡੀਆਂ ਕਾਰਪੋਰੇਟ ਮੱਛੀਆਂ ਸੂਬੇ ਵਿੱਚ ਦਾਖਲ ਨਹੀਂ ਹੋ ਸਕਣਗੀਆਂ ਤੇ ਇਸ ਤਰੀਕੇ ਕਿਸਾਨ ਉਨ੍ਹਾਂ ਦੇ ਚੁੰਗਲ ਵਿਚ ਆਉਣ ਤੋਂ ਬਚ ਜਾਣਗੇ। ਬਾਦਲ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਨੂੰ ਜਲਦੀ ਤੋਂ ਜਲਦੀ ਕਰਨੀ ਚਾਹੀਦੀ ਹੈ ਤੇ ਹੋ ਸਕੇ ਤਾਂ ਅੱਜ ਹੀ ਚੁੱਕਣੀ ਚਾਹੀਦੀ ਹੈ। ਇਸ ਵਿੱਚ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਕੇਂਦਰ ਦੇ ਬਿੱਲਾਂ ਦੇ ਐਕਟ ਬਣਨ ’ਤੇ ਭਾਰਤ ਸਰਕਾਰ ਵੱਲੋਂ ਨੋਟੀਫਾਈ ਕੀਤੇ ਜਾਣ ਤੋਂ ਪਹਿਲਾਂ ਹੀ ਆਰਡੀਨੈਂਸ ਰਾਹੀਂ ਇਹ ਫੈਸਲਾ ਐਲਾਨਣਾ ਚਾਹੀਦਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਤੁਰੰਤ ਆਰਡੀਨੈਂਸ ਜਾਰੀ ਕਰ ਕੇ ਪੰਜਾਬ ਨੂੰ ਮੰਡੀ ਐਲਾਨਣ ਤੇ ਇਸ ਉਪਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਆਰਡੀਨੈਂਸ ਨੂੰ ਐਕਟ ਵਿਚ ਬਦਲਣ ਲਈ ਤੇਜ਼ੀ ਨਾਲ ਕਾਰਵਾਈ ਕਰਨ। ਅਕਾਲੀ ਦਲ ਨੇ ਹਰ ਸਿਆਸੀ ਪਾਰਟੀ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਲੀਹਾਂ ਤੋਂ ਉਪਰ ਉਠ ਕੇ ਅਜਿਹੇ ਬਿੱਲ ਨੂੰ ਸਰਬਸੰਮਤੀ ਨਾਲ ਪਾਸ ਕਰਨਾ ਯਕੀਨੀ ਬਣਾਉਣ ਤਾਂ ਜੋ ਪੰਜਾਬ ਨੂੰ ਖੇਤੀ ਜਿਣਸਾਂ ਲਈ ਮੰਡੀ ਐਲਾਨਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਸਾਰੀਆਂ ਸਿਆਸੀ ਪਾਰਟੀਆਂ ਆਪਸੀ ਮਤਭੇਦ ਪਾਸੇ ਕਰ ਕੇ ਕਿਸਾਨਾਂ ਦੇ ਹਿੱਤਾਂ ਵਿਚ ਡੱਟਣ ਲਈ ਕਿਹਾ।