Outsourcing will involve the : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਸੋਸ਼ਲ ਮੀਡੀਆ ’ਤੇ ਕੋਰੋਨਾ ਮਹਾਮਾਰੀ ਨਾਲ ਜੁੜੀਆਂ ਸਾਵਧਾਨੀਆਂ, ਨਿਯਮਾਂ ਆਦਿ ਨੂੰ ਲੋਕਾਂ ਤੱਕ ਜਾਗਰੂਕਤਾ ਲਈ ਪਹੁੰਚਾਉਣ ਤੋਂ ਇਲਾਵਾ ਗਲਤ ਜਾਣਕਾਰੀ (ਅਫਵਾਹਾਂ) ਨੂੰ ਰੋਕਣ ਲਈ ਨਿਯਮਤ ਤੌਰ ‘ਤੇ ਭਰੋਗੇਯੋਗ ਅਤੇ ਅੱਪਡੇਟ ਕਰਨ ਲਈ ਆਊਟ ਸੋਰਸਿੰਗ ‘ਤੇ 15 ਮਾਹਿਰ ਸੋਸ਼ਲ ਮੀਡੀਆ ਟੀਮਾਂ ਨੂੰ ਰੱਖਿਆ ਜਾਵੇਗਾ, ਜੋਕਿ ਵੱਡੇ ਪੱਧਰ ‘ਤੇ ਲੋਕ ਸੰਪਰਕ ਵਿਭਾਗਾਂ ਅਤੇ ਲੋਕਾਂ ਵਿਚਾਲੇ ਪਾੜੇ ਨੂੰ ਦੂਰ ਕਰਦੀਆਂ ਹੋਈਆਂ ਪੁਲ ਦਾ ਕੰਮ ਕਰਨਗੀਆਂ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ਦੀ ਵਿਸ਼ਵ ਵਿਆਪੀ ਪੱਧਰ ‘ਤੇ ਵੱਧ ਰਹੀ ਮਹੱਤਤਾ ਨੂੰ ਦੇਖਦਿਆਂ ਅਤੇ ਸੂਬਾ ਸਰਕਾਰ ਦੇ ਕੁਝ ਵਿਭਾਗਾਂ ਦਾ ਲੋਕਾਂ ਨਾਲ ਵੱਡੇ ਪੱਧਰ ਦਾ ਤਾਲਮੇਲ ਹੋਣ ਕਾਰਨ ਮਹਾਂਮਾਰੀ ਨਾਲ ਸਬੰਧਤ ਸਾਰੀ ਮਹੱਤਵਪੂਰਨ ਜਾਣਕਾਰੀ ਅਤੇ ਇਸ ਦੇ ਟਾਕਰੇ ਲਈ ਰੋਕਥਾਮ ਉਪਾਵਾਂ ਨੂੰ ਨਿਯਮਤ ਤੌਰ ‘ਤੇ ਸੋਸ਼ਲ ਮੀਡੀਆ ਰਾਹੀਂ ਉਜਾਗਰ ਕਰਨ ਦੀ ਲੋੜ ਮਹਿਸੂਸ ਕਰਦਿਆਂ ਇਹ ਫੈਸਲਾ ਬੁੱਧਵਾਰ ਨੂੰ ਕੈਬਨਿਟ ਦੀ ਮੀਟਿੰਗ ਵਿਚ ਲਿਆ ਗਿਆ, ਜਿਸ ਦੇ ਲਈ ਇਨ੍ਹਾਂ ਟੀਮਾਂ ਨੂੰ ਰੱਖਣ ਲਈ 7 ਕਰੋੜ ਰੁਪਏ ਸਾਲਾਨਾ ਬਜਟ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਨੂੰ ਸੂਬੇ ਦੀ ਪਹੁੰਚ ਵਿੱਚ ਵਾਧਾ ਕਰਨ ਵਾਲਾ ਦੱਸਦਿਆਂ ਕਿਹਾ ਕਿ ਇਸ ਨਾਲ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਇਸ ਨਾਲ ਜੁੜੀ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਤੇ ਨਤੀਜਾਮੁਖੀ ਢੰਗ ਨਾਲ ਪਹੁੰਚਾਉਣ ਲਈ ਲੋਕ ਸੰਪਰਕ ਵਿਭਾਗ ਦੀਆਂ ਕੋਸ਼ਿਸ਼ਾਂ ਨੂੰ ਵੀ ਮਜ਼ਬੂਤੀ ਮਿਲੇਗੀ। ਅਜਿਹੇ ਵਿਭਾਗਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਮੰਤਰੀ ਮੰਡਲ ਨੇ 63 ਸੋਸ਼ਲ ਮੀਡੀਆ ਪੇਸ਼ੇਵਾਰਾਂ/ਮਾਹਿਰਾਂ ਦੀਆਂ ਸੇਵਾਵਾਂ ਲੈਣ ਵਾਸਤੇ ਪ੍ਰਵਾਨਗੀ ਦੇ ਦਿੱਤੀ ਜਿਨ੍ਹਾਂ ਵਿੱਚ ਇਕ ਮੀਡੀਆ ਮੈਨੇਜਰ, ਦੋ ਸਹਾਇਕ ਮੀਡੀਆ ਮੈਨੇਜਰ, 15 ਡਿਜੀਟਲ ਵੀਡਿਓ ਐਗਜ਼ੀਟਿਵਜ਼, 15 ਵੀਡਿਓ ਐਡੀਟਰਜ਼, 15 ਗ੍ਰਾਫਿਕ ਡਿਜ਼ਾਇਨਰਜ਼ ਤੇ 15 ਕੰਟੈਂਟ ਰਾਈਟਰਜ਼ ਨੂੰ ਆਊਟ ਸੋਰਸਿੰਗ ਉਤੇ ਇਕ ਸਾਲ ਲਈ ਰੱਖਿਆ ਜਾਵੇਗਾ।