Padma Shri and Arjuna Awardees : ਜਲੰਧਰ : ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਕਿਸਾਨ ਕੌਮੀ ਰਾਜਧਾਨੀ ਵਿੱਚ ਸੰਘਰਸ਼ ਕਰ ਰਹੇ ਹਨ। ਇਸ ਵੇਲੇ ਜਿਥੇ ਹਰ ਵਰਗ ਕਿਸਾਨਾਂ ਦਾ ਵੱਧ-ਚੜ੍ਹ ਕੇ ਸਾਥ ਦੇ ਰਿਹਾ ਹੈ ਉਥੇ ਹੀ ਪੰਜਾਬ ਦੇ ਸਾਬਕਾ ਖਿਡਾਰੀ ਵੀ ਆ ਗਏ ਹਨ। ਵੱਡੀ ਗਿਣਤੀ ਸਾਬਕਾ ਖਿਡਾਰੀਆਂ ਨੇ ਐਲਾਨ ਕੀਤਾ ਹੈ ਕਿ ਜੇਕਰ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣੇ ਕੇਂਦਰੀ ਸਨਮਾਨ ਵਾਪਿਸ ਕਰ ਦੇਣਗੇ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਕੌਮਾਂਤਰੀ ਖਿਡਾਰੀਆਂ ਨੇ ਵੀ ਇਸ ਅੰਦੋਲਨ ਦੀ ਹਿਮਾਇਤ ਕੀਤੀ।
ਇਸ ਸਬੰਧੀ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆਂ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ, ਗੋਲਡਨ ਗਰਲ ਵਜੋਂ ਜਾਣੀ ਜਾਂਦੀ ਹਾਕੀ ਓਲੰਪੀਅਨ ਰਾਜਵੀਰ ਕੌਰ, ਓਲੰਪੀਅਨ ਗੁਰਮੇਲ ਸਿੰਘ ਤੇ ਸਾਬਕਾ ਕ੍ਰਿਕਟ ਕੋਚ ਪ੍ਰੋ. ਰਜਿੰਦਰ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਦੇ ਪੁੱਤ ਹਨ ਅਤੇ ਕਿਸਾਨੀ ਪਰਿਵਾਰਾਂ ਦੇ ਹੋਣ ਕਰਕੇ ਉਨ੍ਹਾਂ ਨੂੰ ਸੂਬੇ ’ਚ ਕਿਸਾਨਾਂ ਦੀ ਮਾੜੀ ਹਾਲਤ ਬਾਰੇ ਪੂਰੀ ਜਾਣਕਾਰੀ ਹੈ। ਇਨ੍ਹਾਂ ਖਿਡਾਰੀਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ 5 ਦਸੰਬਰ ਤਕ ਕਿਸਾਨਾਂ ਦੀਆਂ ਮੰਗਾਂ ਮਹੀਂ ਮੰਨਦੀ ਤਾਂ ਉਸ ਦਿਨ ਸੈਂਕੜੇ ਸਾਬਕਾ ਖਿਡਾਰੀਆਂ ਨੂੰ ਨਾਲ ਲੈ ਕੇ ਦਿੱਲੀ ਵੱਲ ਕੂਚ ਕਰਨਗੇ ਅਤੇ ਖੇਡਾਂ ਵਿਚ ਪਾਏ ਗਏ ਯੋਗਦਾਨ ਸਦਕਾ ਮਿਲੇ ਸਨਮਾਨ ਕੇਂਦਰ ਨੂੰ ਵਾਪਸ ਕਰਨਗੇ।
ਦੂਜੇ ਪਾਸੇ ਇੰਗਲੈਂਡ ਕ੍ਰਿਕਟ ਟੀਮ ਦਾ ਕੌਮਾਂਤਰੀ ਪੰਜਾਬੀ ਕ੍ਰਿਕਟਰ ਮੌਂਟੀ ਪਨੇਸਰ ਤੋਂ ਇਲਾਵਾ ਸਾਬਕਾ ਹਾਕੀ ਬਿ੍ਗੇਡੀਅਰ ਹਰਚਰਨ ਸਿੰਘ, ਓਲੰਪੀਅਨ ਦਵਿੰਦਰ ਸਿੰਘ ਗਰਚਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਓਲੰਪੀਅਨ ਵਰਿੰਦਰ ਸਿੰਘ, ਓਲੰਪੀਅਨ ਬਲਦੇਵ ਸਿੰਘ, ਓਲੰਪੀਅਨ ਗੁਰਮੇਲ ਸਿੰਘ ਰਾਏ ਤੇ ਉਨ੍ਹਾਂ ਦੀ ਪਤਨੀ ਅਤੇ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਵੀਰ ਕੌਰ ਰਾਏ, ਓਲੰਪੀਅਨ ਅਜੀਤ ਸਿੰਘ, ਓਲੰਪੀਅਨ ਹਰਮੀਕ ਸਿੰਘ, ਓਲੰਪੀਅਨ ਅਜੀਤਪਾਲ ਸਿੰਘ, ਮਰਹੂਮ ਹਾਕੀ ਓਲੰਪੀਅਨ ਸੁਰਜੀਤ ਸਿੰਘ ਦੀ ਪਤਨੀ ਤੇ ਕੌਮਾਂਤਰੀ ਹਾਕੀ ਖਿਡਾਰਨ ਚੰਚਲ ਸੁਰਜੀਤ ਸਿੰਘ ਰੰਧਾਵਾ, ਕੌਮਾਂਤਰੀ ਹਾਕੀ ਖਿਡਾਰੀ ਮਦਨਮੋਹਨ ਸਿੰਘ ਮੱਦੀ, ਹਾਕੀ ਓਲੰਪੀਅਨ ਇੰਦਰਜੀਤ ਸਿੰਘ ਦੀਵਾਨਾ, ਓਲੰਪੀਅਨ ਭਲਵਾਨ ਬਜਰੰਗ ਸਿੰਘ ਪੂਨੀਆ, ਬਾਸਕਟਬਾਲਰ ਸੱਜਣ ਸਿੰਘ ਚੀਮਾ ਤੇ ਕੌਮਾਂਤਰੀ ਦੌੜਾਕ ਜਗਦੀਸ਼ ਸਿੰਘ ਦਿਓਲ ਵੀ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਅੱਗੇ ਆਏ ਹਨ।
ਸਪਿੰਨ ਗੇਂਦਬਾਜ਼ ਮੌਂਟੀ ਪਨੇਸਰ ਨੇ ਸੋਸ਼ਲ ਮੀਡੀਆਟ ‘ਤੇ ਪੋਸਟ ਲਿਖ ਕੇ ਪਾਈ, ”ਜੇ ਖਰੀਦਦਾਰ ਇਹ ਕਹਿ ਦੇਵੇਗਾ ਕਿ ਫ਼ਸਲ ਦੀ ਕੁਆਲਟੀ ਠੀਕ ਨਹੀਂ ਹੈ, ਹੁਕਮਰਾਨ ਦੱਸਣ ਕਿ ਅਜਿਹੀ ਹਾਲਤ ਵਿਚ ਕਿਸਾਨ ਕਿਸ ਦਾ ਦਰ ਖੜਕਾਏਗਾ। ਮਾਸਕੋ ਓਲੰਪਿਕ ਵਿਚ ਸੋਨ ਤਗਮਾ ਜਿੱਤਣ ਤੇ ਓਲੰਪਿਕ ਹਾਕੀ ਟੂਰਨਾਮੈਂਟ ਵਿਚ 15 ਗੋਲ ਕਰਨ ਦਾ ਰਿਕਾਰਡ ਸਿਰਜਣ ਵਾਲੇ ਸੁਰਿੰਦਰ ਸਿੰਘ ਸੋਢੀ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਨੁਕਤਾਚੀਨੀ ਦੱਸੀ।