PAK Sikh anchor receives : ਅੰਮ੍ਰਿਤਸਰ : ਪਾਕਿਸਤਾਨ ਦੇ ਪਹਿਲੇ ਦਸਤਾਰਧਾਰੀ ਸਿੱਖ ਟੈਲੀਵਿਜ਼ਨ ਦੇ ਐਂਕਰ ਹਰਮੀਤ ਸਿੰਘ ਨੇ ਪੇਸ਼ਾਵਰ ਜੇਲ੍ਹ ਤੋਂ ਧਮਕੀ ਭਰੇ ਕਾਲ ਮਿਲਣ ਦੀ ਸ਼ਿਕਾਇਤ ਕੀਤੀ ਹੈ, ਜਿਥੇ ਉਸ ਦੇ ਭਰਾ ਪਰਵਿੰਦਰ ਸਿੰਘ ਦੇ ਕਾਤਲ ਬੰਦ ਹਨ। ਉਸ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਫ਼ ਜਸਟਿਸ ਨੂੰ ਇਸ ਘਟਨਾ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ, ਤਾਂ ਜੋ ਉਸ ਨੂੰ ਅਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਕੋਈ ਖਤਰਾ ਨਾ ਹੋਵੇ।
25 ਸਾਲਾ ਪਰਵਿੰਦਰ ਨੂੰ ਉਸ ਦੀ ਮੰਗੇਤਰ ਪ੍ਰੇਮ ਕੁਮਾਰੀ ਨੇ ਪਿਛਲੇ ਸਾਲ 4 ਜਨਵਰੀ ਨੂੰ ਪੈਸੇ ਦੇ ਕੇ ਕਾਤਲਾਂ ਵੱਲੋਂ ਗੋਲੀ ਮਰਵਾ ਦਿੱਤੀ ਸੀ। ਉਸਦੀ ਲਾਸ਼ ਪੇਸ਼ਾਵਰ ਦੇ ਬਾਹਰੀ ਹਿੱਸੇ ਵਿੱਚ ਇੱਕ ਡਰੇਨ ਵਿੱਚ ਮਿਲੀ ਸੀ। ਇਸ ਬਾਰੇ ਇੱਕ ਗੱਲਬਾਤ ਦੌਰਾਨ ਹਰਮੀਤ ਨੇ ਕਿਹਾ ਕਿ ਪ੍ਰੇਮ ਕੁਮਾਰੀ ਅਤੇ ਉਸਦੇ ਸਾਥੀਆਂ ਨੇ ਹਾਲ ਹੀ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਲਈ ਸੀ।
ਹਰਮੀਤ ਨੇ ਦਾਅਵਾ ਕੀਤਾ ਕਿ ਕਿਉਂਕਿ ਉਹ ਇਕ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ, ਇਸ ਲਈ ਉਸ ਨੂੰ ਡਰ ਸੀ ਕਿ ਸ਼ਾਇਦ ਉਹ ਆਪਣੇ ਭਰਾ ਦੇ ਕੇਸ ਦੀ ਪੈਰਵੀ ਨਾ ਕਰ ਸਕੇ ਕਿਉਂਕਿ ਅਧਿਕਾਰੀ ਬਹੁਗਿਣਤੀ ਭਾਈਚਾਰੇ ਦੇ ਮੁਲਜ਼ਮਾਂ ਪ੍ਰਤੀ ਨਰਮ ਹੋ ਜਾਂਦੇ ਹਨ। ਉਸ ਨੇ ਕਿਹਾ ਕਿ ਉਸ ਨੂੰ ਬੀਤ ਦਿਨ ਜੇਲ੍ਹ ਤੋਂ ਇੱਕ ਫੋਨ ਆਇਆ। ਦੂਜੇ ਪਾਸਿਓਂ ਉਸ ਵਿਅਕਤੀ ਨੇ ਆਪਣੀ ਪਛਾਣ ਮੁਹੰਮਦ ਇਬ੍ਰਾਹੀਮ ਦੱਸੀ, ਜਿਸਨੇ ਉਸ ਭਰਾ ਨੂੰ ਗੋਲੀ ਮਾਰ ਦਿੱਤੀ ਸੀ। ਉਸ ਨੇ ਹਰਮੀਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਮਾਮਲੇ ਵਿੱਚ ਸਮਝੌਤਾ ਨਾ ਕੀਤਾ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਸ ਨੂੰ ਇਸ ਗੱਲ ਤੋਂ ਸਭ ਤੋਂ ਵੱਧ ਪ੍ਰੇਸ਼ਾਨੀ ਹੋਈ ਕਿ ਕਾਤਲ ਨੇ ਜੇਲ੍ਹ ਦਾ ਫੋਨ ਉਸ ਨੂੰ ਡਰਾਉਣ ਧਮਕਾਉਣ ਲਈ ਇਸਤੇਮਾਲ ਕੀਤਾ ਸੀ। ਉਨ੍ਹਾਂ ਕਿਹਾ, “ਮੈਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਚੀਫ਼ ਜਸਟਿਸ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਘਟਨਾ ਦਾ ਨੋਟਿਸ ਲੈਣ ਕਿਉਂਕਿ ਮੇਰਾ ਪੂਰਾ ਪਰਿਵਾਰ ਖਤਰੇ ਵਿੱਚ ਹੈ।”