Pakistan turns historic Gurdwara Sahib : ਅੰਮ੍ਰਿਤਸਰ : ਪਾਕਿਸਤਾਨ ਦੇ ਵੱਖ-ਵੱਖ ਖੇਤਰਾਂ ਵਿੱਚ ਬਣੇ ਇਤਿਹਾਸਕ ਗੁਰਦੁਆਰਾ ਸਾਹਿਬਾਂ ਦੀਆਂ ਇਮਾਰਤਾਂ ‘ਤੇ ਸਰਕਾਰੀ ਵਿਭਾਗਾਂ ਅਤੇ ਭੂ-ਮਾਫੀਆ ਵੱਲੋਂ ਜਬਰੀ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ। ਇਸੇ ਅਧੀਨ ਪਾਕਿ ਦੀ ਪੰਜਾਬ ਸਰਕਾਰ ਨੇ ਸਾਹੀਵਾਲ (ਮਿੰਟਗੁਮਰੀ) ਦੇ ਗਾਲਾ ਮੰਡੀ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸਭਾ ਦੀ ਵਿਸ਼ਾਲ ਇਮਾਰਤ ਨੂੰ ਪੁਲਿਸ ਥਾਣੇ ਵਿੱਚ ਤਬਦੀਲ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਾਕਿ ਵਿੱਚ 400 ਤੋਂ ਵਧੇਰੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਖੰਡਰ ਬਣ ਗਈਆਂ ਹਨ, ਜਿਨ੍ਹਾਂ ਵਿੱਚੋਂ 70 ਫੀਸਦੀ ਤੋਂ ਵੀ ਵਧੇਰੇ ਦੇ ਅੰਦਰ ਪਸ਼ੂ ਰਖੇ ਜਾ ਰਹੇ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਨਿਹੰਗ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸਰਕਾਰ ਪਾਸੋਂ ਇਨ੍ਹਾਂ ਗੁਰਦੁਆਰਿਆਂ ਸਬੰਧੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਫ ਬੋਰਡ ਅਤੇ ਸਥਾਨਕ ਸਿੱਖਾਂ ਤੇ ਹਿਤੈਸ਼ੀਆਂ ਦਾ ਸਹਿਯੋਗ ਲੈ ਕੇ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਨੂੰ ਬਹਾਲ ਕਰਵਾਉਣ ਦੇ ਯਤੀਨ ਕੀਤੇ ਜਾਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਸਾਹੀਵਾਲ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਦੀਵਾਨ ਹਾਲ ਤੇ ਉਸ ਦੇ ਆਲੇ-ਦੁਆਲੇ ਸਥਿਤ ਇਮਾਰਤਾਂ ਵਿੱਚ ਕੈਦੀਆਂ ਨੂੰ ਰਖਣ ਦੀਆਂ ਕੋਠੜੀਆਂ ਦਾ ਨਿਰਮਾਣ ਕਰ ਦਿੱਤਾ ਹੈ। ਜਿਸ ਪਵਿੱਤਰ ਅਸਥਾਨ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਪ੍ਰਕਾਸ਼ ਕੀਤਾ ਜਾਂਦਾ ਸੀ, ਉਥੇ ਥਾਣੇ ਦੇ ਮੁੱਖ ਅਧਿਕਾਰੀ ਦਾ ਦਫਤਰ ਬਣਾ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਵਿਸ਼ਾਲ ਕੰਪਲੈਕਸ ਵਿੱਚ ਪਸ਼ੂਆਂ ਨੂੰ ਬੰਨ੍ਹਿਆ ਜਾ ਰਿਹਾ ਹੈ। ਪਸ਼ੂਆਂ ਦਾ ਚਾਰਾ ਰਖਣ ਨੂੰ ਇਕ ਕਮਰੇ ਵਜੋਂ ਵਰਤਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਖਾਸ ਸੇਵਕ ਭਾਈ ਲਾਲ ਸਿੰਘ ਉਰਫ ਭਾਈ ਲਾਲੋ ਜੀ ਨਾਲ ਸੰਬੰਧਤ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਇਮਾਰਤ ਦੋ ਮੰਜ਼ਿਲਾ ਹੈ। ਮਾਲੀਆ ਵਿਭਾਗ ਦੇ ਰਿਕਾਰਡ ਅਨੁਸਾਰ ਗੁਰਦੁਆਰਾ ਸਾਹਿਬ ਦਾ ਰਿਕਾਰਡ ਸਾਹੀਵਾਲ ਦੀ ਤਹਿਸੀਲ ਨੌਸ਼ਹਿਰਾਂ ਵੀਰਕਾਂ ਦੇ ਪਿੰਡ ਤਤਲੇਆਲੀ ਦੀ ਅਬਾਦੀ ਦਿਨਪੁਰ ਗੱਦੀਆਂ ਨਾਲ ਜੁੜਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਵੰਡ ਤੋਂ ਅੱਠ ਸਾਲ ਪਹਿਲਾਂ 1939 ਵਿੱਚ ਕੀਤਾ ਗਿਆ ਸੀ। ਭਾਈ ਲਾਲ ਸਿੰਘ ਨੇ ਅਫਰੀਕਾ ਦੀ ਸਿੱਖ ਸੰਗਤ ਨਾਲ ਭੇਟ ਇਕੱਠੀ ਕਰਕੇ ਇਸ ਨੂੰ ਬਣਾਇਆ ਸੀ।