Pakistani Citizen arrested : ਫਿਰੋਜ਼ਪੁਰ : ਇਥੋਂ ਦੇ ਮਮਦੋਟ ਸੈਕਟਰ ਵਿਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਚੌਕੀ ਦੋਨਾ ਤੇਲੂ ਮੱਲ ਤੋਂ ਬੀਐਸਐਫ ਦੀ 129 ਬਟਾਲੀਅਨਾਂ ਨੇ ਇਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਉਸਨੇ ਭਾਰਤੀ ਸਰਹੱਦ ਵਿੱਚ ਘੁਸਪੈਠ ਕੀਤੀ ਸੀ। ਦੋ ਹਫਤਿਆਂ ਵਿੱਚ ਇਸ ਖੇਤਰ ਵਿੱਚ ਪਾਕਿਸਤਾਨੀ ਨਾਗਰਿਕ ਦੇ ਦਾਖਲ ਹੋਣ ਦੀ ਇਹ ਦੂਜੀ ਘਟਨਾ ਹੈ। ਫੜੇ ਗਏ ਪਾਕਿਸਤਾਨੀ ਦੀ ਪਛਾਣ ਅਦਨਾਨ ਪੁੱਤਰ ਮਨਸ਼ਾ (ਮਾਂ ਹਨੀਫ਼ਾ) ਨਿਵਾਸੀ ਅਰਸ਼ੂਲ ਨਗਰ, ਥਾਣਾ ਗੰਡਾ ਸਿੰਘ ਵਾਲਾ, ਜ਼ਿਲ੍ਹਾ ਕਸੂਰ (ਪਾਕਿਸਤਾਨ) ਵਜੋਂ ਹੋਈ ਹੈ। ਅਦਨਾਨ ਤੋਂ 380 ਰੁਪਏ ਦੀ ਪਾਕਿ ਕਰੰਸੀ ਤੋਂ ਇਲਾਵਾ ਉਸ ਕੋਲੋਂ ਵੀਵੋ ਕੰਪਨੀ ਦਾ ਡਬਲ ਸਿਮ ਮੋਬਾਈਲ ਅਤੇ ਕਿਸਾਨ ਸਲਿੱਪ ਬਰਾਮਦ ਕੀਤੀ ਗਈ ਹੈ। ਬੀਐਸਐਫ ਦੁਆਰਾ ਪਾਕਿਸਤਾਨੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਫਿਰੋਜ਼ਪੁਰ ਤੋਂ ਕਸੂਰ ਦੀ ਦੂਰੀ ਤਕਰੀਬਨ 15 ਕਿਲੋਮੀਟਰ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ 20 ਅਕਤੂਬਰ ਨੂੰ ਵੀ ਫਿਰੋਜ਼ਪੁਰ ਦੀ ਭਾਰਤ-ਪਾਕਿ ਸਰਹੱਦ ’ਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਇੱਕ ਪਾਕਿਸਤਾਨੀ ਘੁਸਪੈਠੀਏ ਨੂੰ ਫਿਰੋਜ਼ਪੁਰ ਦੇ ਹੁਸੈਨੀਵਾਲਾ ਤੋਂ ਫੜਿਆ ਗਿਆ ਸੀ। ਉਸ ਕੋਲੋਂ ਪਾਕਿਸਤਾਨ ਦੀ 5 ਹਜ਼ਾਰ ਤੋਂ ਵੱਧ ਦੀ ਕਰੰਸੀ ਵੀ ਬਰਾਮਦ ਹੋਈ ਸੀ। ਇਹ ਪਾਕਿਸਤਾਨੀ ਘੁਸਪੈਠੀਆ ਸਰਹੱਦ ’ਤੇ ਸਰਹੱਦ ਦੇ ਬੈਰੀਕੇਡ ਤੋਂ 200 ਮੀਟਰ ਦੂਰੀ ’ਤੇ ਭਾਰਤ ਵਿੱਚੋਂ ਫੜਿਆ ਗਿਆ ਸੀ, ਜਿਥੇ ਤਾਰਬੰਦੀ ’ਤੇ ਬੀਐਸਫ ਦਾ 24 ਘੰਟੇ ਪਹਿਰਾ ਰਹਿੰਦਾ ਹੈ। ਉਥੇ ਹੀ ਪਾਕਿਸਤਾਨ ਤੋਂ ਆ ਰਹੇ ਪਾਕਿ ਡਰੋਨ ਵੀ ਲਗਾਤਾਰ ਸਰਹੱਦ ‘ਤੇ ਦੇਖੇ ਜਾ ਰਹੇ ਹਨ। ਬੀਤੇ ਸ਼ੁੱਕਰਵਾਰ ਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ 58 ਬਟਾਲੀਅਨਾਂ ਵੱਲੋਂ ਭਾਰਤ-ਪਾਕਿ ਸਰਹੱਦ ਠਾਕੁਰਪੁਰ ਨੇੜੇ ਡਰੋਨ ਉਡਦਾ ਨਜ਼ਰ ਆਇਆ ਸੀ। ਬੀਐਸਐਫ ਨੇ ਡਰੋਨ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਧੇ। ਦੱਸਣਯੋਗ ਹੈ ਕਿ ਅਕਤੂਬਰ ਵਿਚ ਅੱਠਵੀਂ ਵਾਰ ਪਾਕਿਸਤਾਨੀ ਡਰੋਨ ਭਾਰਤ-ਪਾਕਿ ਸਰਹੱਦ ‘ਤੇ ਨਜ਼ਰ ਆਏ ਸਨ।