Pakistani drone spotted : ਪਠਾਨਕੋਟ / ਬਮਿਆਲ : ਸਰਹੱਦ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ ਦੇ ਬਮਿਆਲ ਸੈਕਟਰ ਵਿੱਚ ਸ਼ਨੀਵਾਰ ਰਾਤ ਨੂੰ ਇਕ ਡਰੋਨ ਪਾਕਿਸਤਾਨ ਦੇ ਪਾਸਿਓਂ ਆਉਂਦਾ ਦੇਖਿਆ ਗਿਆ। ਇਸ ਦੀ ਭਿਣਕ ਲੱਗਦੇ ਹੀ ਸਰਹੱਦੀ ਖੇਤਰ ਦੇ ਪਿੰਡ ਪਹਾੜੀਪੁਰ ਸਥਿਤ ਬੀਐਸਐਫ ਦੀ ਚੌਂਕੀ ਅਲਰਟ ਹੋ ਗਈ। ਜਵਾਨਾਂ ਨੇ ਡਰੋਨ ਨੂੰ ਦੇਖਣ ਤੋਂ ਬਾਅਦ ਚਾਰ ਰਾਊਂਡ ਫਾਇਰ ਕੀਤੇ ਗਏ। ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ।
ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਤੇਜ਼ ਕਰ ਦਿੱਤਾ ਹੈ। ਐਤਵਾਰ ਸਵੇਰੇ ਪੁਲਿਸ ਨੇ ਸਰਹੱਦ ਨਾਲ ਲੱਗਦੇ ਚਾਰ ਕਿਲੋਮੀਟਰ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ ਪੂਰੇ ਖੇਤਰ ਦੀ ਸੁਰੱਖਿਆ ਦਾ ਜਾਇਜ਼ਾ ਲਿਆ। ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਡਰੋਨ ਨੂੰ ਬੀਐਸਐਫ ਨੇ ਭਾਰਤ-ਪਾਕਿ ਸਰਹੱਦ ‘ਤੇ ਦੇਖਿਆ ਸੀ, ਜਿਸ‘ ਤੇ ਬੀਐਸਐਫ ਵੱਲੋਂ ਫਾਇਰਿੰਗ ਕਰਕੇ ਵਾਪਸ ਡਰੋਨ ਨੂੰ ਭੇਜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਾਂਝੇ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਵੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ। ਪਾਕਿਸਤਾਨ ਵੱਲੋਂ ਫਿਰ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਕਿ ਆਪਣੀਆਂ ਗਲਤ ਹਰਕਤਾਂ ਤੋਂ ਕਿਸੇ ਵੀ ਤਰ੍ਹਾਂ ਬਾਜ਼ ਨਹੀਂ ਆ ਰਿਹਾ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਦੇ ਜਵਾਨਾਂ ਨੇ ਦੋ ਥਾਵਾਂ ‘ਤੇ ਪਾਕਿਸਤਾਨੀ ਡਰੋਨ ਦੇਖੇ। BSF ਵੱਲੋਂ ਉਨ੍ਹਾਂ ‘ਤੇ ਵੀ ਫਾਇਰਿੰਗ ਕੀਤੀ, ਜਿਸ ਤੋਂ ਬਾਅਦ ਉਹ ਉਥੋਂ ਭੱਜ ਗਏ।