Paper leak case in Tarn Taran : ਫਰੀਦਕੋਟ : ਤਰਨਤਾਰਨ ਵਿੱਚ ਪੇਪਰ ਲੀਕ ਹੋਣ ਕਾਰਨ ਰੱਦ ਕੀਤੇ ਗਏ ਡੈਂਟਲ ਡਾਕਟਰਾਂ ਦੀ ਲਿਖਤੀ ਪ੍ਰੀਖਿਆ ਹੁਣ 22 ਅਕਤੂਬਰ ਨੂੰ ਦੁਬਾਰਾ ਹੋਵੇਗੀ। ਰਾਜ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਤੋਂ ਬਾਅਦ ਬਾਬਾ ਫਰੀਦ ਯੂਨੀਵਰਸਿਟੀ ਨੂੰ ਇਸ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਦੀ ਪੁਸ਼ਟੀ ਯੂਨੀਵਰਸਿਟੀ ਦੇ ਉਪ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਕੀਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿੱਚ ਖਾਲੀ ਪਈਆਂ ਸਰਜਨਾਂ, ਡਾਕਟਰਾਂ, ਸਟਾਫ ਨਰਸਾਂ ਸਮੇਤ ਲਗਭਗ ਚਾਰ ਹਜ਼ਾਰ ਅਸਾਮੀਆਂ ਦੀ ਸਿੱਧੀ ਭਰਤੀ ਕਰਨ ਦੀ ਜ਼ਿੰਮੇਵਾਰੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਫ਼ਰੀਦਕੋਟ ਨੂੰ ਸੌਂਪੀ ਗਈ ਹੈ, ਜਿਸ ਤਹਿਤ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਭਰਤੀ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ 11 ਅਕਤੂਬਰ ਨੂੰ 11000 ਉਮੀਦਵਾਰਾਂ ਨੇ ਜਨਰਲ ਡਾਕਟਰ, ਦੰਦਾਂ ਦੇ ਡਾਕਟਰ ਅਤੇ ਫਾਰਮਾਸਿਸਟਾਂ ਦੀਆਂ ਲਗਭਗ 1017 ਅਸਾਮੀਆਂ ਲਈ ਪ੍ਰੀਖਿਆ ਦਿੱਤੀ। ਇਨ੍ਹਾਂ ਪ੍ਰੀਖਿਆਵਾਂ ਵਿਚੋਂ ਲਏ ਜਾ ਰਹੇ ਦੰਦਾਂ ਦੇ ਡਾਕਟਰਾਂ ਲਈ ਪ੍ਰਸ਼ਨ ਪੱਤਰ ਤਰਨਤਾਰਨ ਜ਼ਿਲ੍ਹੇ ਦੇ ਗੋਵਿੰਦਵਾਲ ਸ਼ਹਿਰ ਦੇ ਪ੍ਰੀਖਿਆ ਕੇਂਦਰ ਤੋਂ ਲੀਕ ਹੋਇਆ ਸੀ, ਜਿਸ ਦੀ ਜਾਣਕਾਰੀ ਮਿਲਣ ’ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਪ੍ਰੀਖਿਆ ਨਤੀਜਾ ਰੋਕ ਦਿੱਤਾ ਗਿਆ। ਪ੍ਰਸ਼ਨ ਪੱਤਰ ਲੀਕ ਕਰਨ ਵਾਲੇ ਉਮੀਦਵਾਰ ’ਤੇ ਕੇਸ ਦਰਜ ਕਰਨ ਤੋਂ ਤੁਰੰਤ ਬਾਅਦ ਜਾਂਚ ਕਰਨ ਦੀ ਸਿਫਾਰਸ਼ ਕੀਤੀ ਗਈ ਸੀ।
ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਕਿਹਾ ਕਿ ਜਦੋਂ ਤਰਨਤਾਰਨ ਪੁਲਿਸ ਨੂੰ ਉਨ੍ਹਾਂ ਦੇ ਅਧਿਕਾਰੀਆਂ ਦੁਆਰਾ ਕੀਤੀ ਗਈ ਕਾਰਵਾਈ ਅਤੇ ਜਾਂਚ ਬਾਰੇ ਪੁੱਛਿਆ ਗਿਆ ਤਾਂ ਉੱਥੋਂ ਦੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਨ੍ਹਾਂ ਨੂੰ ਕੁਝ ਸਮਾਂ ਲੱਗੇਗਾ। ਇਥੇ ਹੋਰ ਪ੍ਰੀਖਿਆਵਾਂ ਦੀ ਪ੍ਰਕ੍ਰਿਆ ਵੀ ਉਕਤ ਪ੍ਰੀਖਿਆ ਦੇ ਨਤੀਜੇ ਨੂੰ ਰੋਕਣ ਕਾਰਨ ਪ੍ਰਭਾਵਤ ਹੋਈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਸੂਬਾ ਸਰਕਾਰ ਤੋਂ ਪੇਪਰ ਲੀਕ ਹੋਣ ਕਰਕੇ ਪ੍ਰੀਖਿਆ ਨੂੰ ਰੱਦ ਕਰਨ ਅਤੇ ਇਕ ਹੋਰ ਪ੍ਰੀਖਿਆ ਕਰਵਾਉਣ ਲਈ ਪ੍ਰਵਾਨਗੀ ਮੰਗੀ ਸੀ, ਜਿਸ ਸੰਬੰਧੀ ਉੱਚ ਅਧਿਕਾਰੀਆਂ ਅਤੇ ਰਾਜ ਸਰਕਾਰ ਨੇ ਬੁੱਧਵਾਰ ਸ਼ਾਮ ਨੂੰ ਮੀਟਿੰਗ ਕੀਤੀ ਸੀ, ਜਿਸ ਵਿੱਚ ਇਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ