Parents wandering with bones for justice : ਫਰੀਦਕੋਟ ਜ਼ਿਲੇ ਦੇ ਪਿੰਡ ਢੁੱਡੀ ਵਿਚ ਲਗਭਗ ਤਿੰਨ ਸਾਲ ਪਹਿਲਾਂ 23 ਸਾਲਾ ਨੌਜਵਾਨ ਅਮਰੀਕ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਉਸ ਸਮੇਂ ਮੌਤ ਦੇ ਸਹੀ ਕਾਰਨਾਂ ਦੀ ਜਾਣਕਾਰੀ ਨਾ ਹੋਣ ਕਾਰਨ ਪਰਿਵਾਰ ਨੇ ਪੁਲਿਸ ਤੋਂ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕਰਵਾਉਂਦੇ ਹੋਏ ਆਪਣੇ ਪੁੱਤਰ ਦੀ ਲਾਸ਼ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਤੋਂ ਪੋਸਟਮਾਰਟਮ ਕਰਵਾਇਆ। ਰਿਪੋਰਟ ਵਿਚ ਹੱਤਿਆ ਦਾ ਖੁਲਾਸਾ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁੱਤਰ ਦੀ ਕਤਲ ਤੋਂ ਦੁਖੀ ਮਾਂ ਉਸ ਦੀਆਂ ਅਸਥੀਆਂ ਲੈ ਕੇ ਪਿਛਲੇ ਤਿੰਨ ਸਾਲਾਂ ਤੋਂ ਪੁਲਿਸ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਕੱਟ ਰਹੀ ਹੈ।
ਸ਼ਨੀਵਾਰ ਨੂੰ ਮਿਨੀ ਸਕੱਤਰੇਤ ਸਥਿਤ ਐਸਐਸਪੀ ਦਫਤਰ ਦੇ ਬਾਹਰ ਆਪਣੇ ਪੁੱਤਰ ਦੀਆਂ ਅਸਥੀਆਂ ਮਾਂ ਕੁਲਵਿੰਦਰ ਕੌਰ ਅਤੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ ਮਾਮਲਾ 17 ਜੂਨ 2017 ਦਾ ਹੈ। ਉਸ ਦਿਨ ਉਨ੍ਹਾਂ ਦੇ ਪਿੰਡ ਦੇ ਹੀ ਦੋ ਨੌਜਵਾਨ, ਉਨ੍ਹਾਂ ਦੇ ਪੁੱਤਰ ਅਮਰੀਕ ਸਿੰਘ ਨੂੰ ਬੇਹੋਸ਼ ਹਾਲਤ ਵਿਚ ਘਰ ਛੱਡ ਗਏ ਸਨ। ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਉਸ ਸਮੇਂ ਉਨ੍ਹਾਂ ਨੂੰ ਖੁਦ ਉਸ ਦੀ ਮੌਤ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਸੀ। ਅਜਿਹੇ ’ਚ ਪੁਲਿਸ ਨੇ ਉਨ੍ਹਾਂ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਾਵਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਬਾਅਦ ਵਿਚ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਪਤਾ ਲੱਗਾ ਕਿ ਅਮਰੀਕ ਸਿੰਘ ਦੇ ਸਰੀਰ ’ਤੇ ਡੂੰਘੇ ਜ਼ਖਮ ਸਨ ਅਤੇ ਉਸ ਦਾ ਕਤਲ ਕੀਤਾ ਗਿਆ ਸੀ। ਰਿਪੋਰਟ ਦੇ ਆਧਾਰਤ ’ਤੇ ਉਨ੍ਹਾਂ ਨੇ ਥਾਣਾ ਸਦਰ ਪੁਲਿਸ ਦੇ ਇੰਚਾਰਜ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਇਨਸਾਫ ਦੀ ਗੁਹਾਰ ਲਗਾਈ ਅਤੇ ਘਟਨਾ ਵਾਲੇ ਦਿਨ ਉਸ ਦੇ ਪੁੱਤਰ ਨਾਲ ਮਾਰਕੁੱਟ ਕਰਨ ਵਾਲੇ ਪਿੰਡ ਨਾਲ ਸਬੰਧਤ ਲੋਕਾਂ ਖਿਲਾਫ ਹੱਤਿਆ ਦਾ ਕੇਸ ਦਰਜ ਕਰਨ ਦੀ ਮੰਗ ਕੀਤੀ ਪਰ ਤਿੰਨ ਸਾਲ ਬੀਤ ਗਏ ਹਨ, ਅੱਜ ਵੀ ਪੁਲਿਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਨਸਾਫ ਨਾ ਮਿਲਣ ਕਰਕੇ ਹੀ ਉਨ੍ਹਾਂ ਨੇ ਅੱਜ ਤੱਕ ਆਪਣੇ ਪੁੱਤਰ ਦੀਆਂ ਅਸਥੀਆਂ ਜਲ ਪ੍ਰਵਾਹ ਨਹੀਂ ਕੀਤੀਆਂ ਹਨ ਅਤੇ ਫੈਸਲਾ ਕੀਤਾ ਹੈ ਕਿ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਤੋਂ ਬਾਅਦ ਹੀ ਉਹ ਅਸਥੀਆਂ ਜਲ ਪ੍ਰਵਾਹ ਕਰਨਗੇ। ਇਸ ਮਾਮਲੇ ਵਿਚ ਥਾਣਾ ਸਦਰ ਇੰਚਾਰਜ ਏਐਸਆਈ ਜੋਗਿੰਦਰ ਸਿੰਘ ਨੇ ਕਿਹਾ ਹੈ ਕਿ ਘਟਨਾਲਾ ਵੇਲੇ ਪਿੰਡ ਢੁਡੀ, ਥਾਣਾ ਸਦਰ ਕੋਟਕਪੂਰਾ ਦੇ ਅਧੀਨ ਆਉਂਦਾ ਸੀ ਅਤੇ ਉਨ੍ਹਾਂ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਬਾਰੇ ਡੀਐਸਪੀ ਫਰੀਦਕੋਟ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪਰਿਵਾਰ ਦੀ ਸ਼ਿਕਾਇਤ ਦੇ ਆਧਾਰਤ ’ਤੇ ਪੁਲਿਸ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕਰ ਰਹੀ ਹੈ। ਜੇਕਰ ਜਾਂਚ ਦੌਰਾਨ ਤੱਥ ਸਾਹਮਣੇ ਆਏ ਤਾਂ ਹੱਤਿਆ ਦਾ ਕੇਸ ਦਰਜ ਕਰਕੇ ਦੋਸ਼ੀਆਂ ’ਤੇ ਕਾਰਵਾਈ ਕੀਤੀ ਜਾਵੇਗੀ।