Parkash Singh Badal : ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਲਈ ਚੁੱਕੇ ਇਸ ਸਟੈਂਡ ‘ਤੇ ਤਸੱਲੀ ਤੇ ਮਾਣ ਮਹਿਸੂਸ ਕਰਦਿਆਂ ਹਰਸਿਮਰਤ ਨੂੰ ‘ਭੈਣ ਤੇ ਧੀ’ ਵਜੋਂ ਖੜ੍ਹੇ ਹੋਣ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਮੰਡਲ ਵਿਚ ਇਕਲੌਤੀ ਪ੍ਰਤੀਨਿਧ ਹਰਸਿਮਰਤ ਬਾਦਲ ਦੇ ਅਸਤੀਫ਼ੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਸਾਬਿਤ ਕਰ ਦਿੱਤਾ ਹੈ ਕਿ ਉਸ ਲਈ ਕੋਈ ਵੀ ਚੀਜ਼ ਸਿਧਾਂਤਾਂ ਅਤੇ ਲੋਕਾਂ, ਖਾਸ ਤੌਰ ‘ਤੇ ਕਿਸਾਨਾਂ, ਖੇਤ ਮਜ਼ਦੂਰਾਂ ਤੇ ਹੋਰ ਗਰੀਬ ਵਰਗਾਂ, ਜੋ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ, ਦੇ ਹਿੱਤਾਂ ਨਾਲੋਂ ਵਧ ਕੇ ਨਹੀਂ ਹੈ।
ਬਾਦਲ ਨੇ ਕਿਹਾ ਆਪਣੀ ਪਾਰਟੀ ਦੇ ਇਸ ਫ਼ੈਸਲੇ ਤੋਂ ਉਹ ਬਹੁਤ ਹੀ ਮਾਣ ਤੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹੇ ਫ਼ੈਸਲੇ ਦਾ ਹਿੱਸਾ ਨਹੀਂ ਹੋ ਸਕਦਾ ਜੋ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੋਵੇ। ਬਾਦਲ ਨੇ ਸਮੂਹ ਪੰਜਾਬੀਆਂ ਤੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਨਿਆਂ ਲਈ ਇਸ ਸੰਘਰਸ਼ ਵਿਚ ਕਿਸਾਨਾਂ ਦਾ ਡਟ ਕੇ ਸਾਥ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ ਲੋੜ ਪੈਣ ‘ਤੇ ਕਿਸਾਨਾਂ ਤੇ ਸਮਾਜ ਦੇ ਹੋਰ ਦੱਬੇ-ਕੁਚਲੇ ਵਰਗਾਂ ਲਈ ਨਿਆਂ ਦਾ ਝੰਡਾ ਬੁਲੰਦ ਕੀਤਾ ਹੈ।
ਅਕਾਲੀਆਂ ਦਾ ਹਮੇਸ਼ਾ ਅਹੁਦਿਆਂ ਦੀ ਖਿੱਚ ਤਿਆਗਣ ਤੇ ਸਿਧਾਂਤਾਂ ਲਈ ਡਟਣ ਦਾ ਇਤਿਹਾਸ ਰਿਹਾ ਹੈ। ਅਹੁਦਿਆਂ ਦੀ ਖਿੱਚ ਇਕ ਅਕਾਲੀ ਲਈ ਕੁਝ ਵੀ ਨਹੀਂ। ਬਾਦਲ ਨੇ ਕੇਂਦਰ ਸਰਕਾਰ ਵਿਚੋਂ ਬਾਹਰ ਆਉਣ ਤੇ ਕਿਸਾਨਾਂ ਲਈ ਡਟਣ ਦੇ ਫ਼ੈਸਲੇ ਨੂੰ ਪਾਰਟੀ ਦੇ ਸਿਧਾਂਤਾਂ ਲਈ ਡਟਣ ਦੇ ਲੰਬੇ ਇਤਿਹਾਸ ਦਾ ਇਕ ਮਾਣਮੱਤਾ ਤੇ ਇਤਿਹਾਸਕ ਪਲ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਵੀ ਲਕੀਰ ਖਿੱਚੀ ਜਾਂਦੀ ਹੈ ਤੇ ਪਾਰਟੀ ਹਮੇਸ਼ਾ ਲੋਕਾਂ ਵੱਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੀ ਦਸ਼ਾ ਬਹੁਤ ਤਰਸਯੋਗ ਬਣੀ ਹੋਈ ਹੈ। ਜਦੋਂ ਵੀ ਦੇਸ਼ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ ਕਿਸਾਨ ਹਮੇਸ਼ਾ ਦੇਸ਼ ਦੇ ਬਚਾਅ ਵਿਚ ਆਏ ਹਨ। ਹੁਣ ਕਿਸਾਨਾਂ ਲਈ ਖੜ੍ਹਨ ਦੀ ਵਾਰੀ ਦੇਸ਼ ਦੀ ਹੈ।