Patiala administration orders to : ਰੈੱਡ ਜ਼ੋਨ ਐਲਾਨ ਕੀਤੇ ਗਏ ਪਟਿਆਲਾ ਜ਼ਿਲ੍ਹੇ ਅੰਦਰ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਰੇ ਅਦਾਰੇ ਖੁਲ੍ਹੇ ਰਹਿਣਗੇ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਵੱਲੋਂ ਅੱਜ ਜਾਰੀ ਕੀਤੇ ਗਏ ਹਨ। ਕੋਵਿਡ-19 ਦੇ ਚੱਲਦਿਆਂ ਸਰੁੱਖਿਆ ਨੂੰ ਧਿਆਨ ਵਿਚ ਰਖਦੇ ਹੋਏ ਅਤੇ ਇਸ ਦੇ ਫੈਲਣ ਨੂੰ ਰੋਕਣ ਸਬੰਧੀ ਅਹਿਤਿਆਤ ਵਜੋਂ ਜ਼ਿਲ੍ਹਾ ਮੈਜਿਸਟਰੇਟ ਵਲੋਂ ਜਾਰੀ ਹੁਕਮਾਂ ਮੁਤਾਬਕ ਜ਼ਿਲ੍ਹਾ ਪਟਿਆਲਾ ਨੂੰ ਰੈਡ ਜ਼ੋਨ ਐਲਾਨਿਆ ਕੀਤਾ ਗਿਆ ਹੈ, ਇਸ ਲਈ ਸਾਰੇ ਅਦਾਰਿਆਂ ਦਫਤਰਾਂ ਵਿਚ ਕੁਲ ਕਰਮਚਾਰੀਆਂ ਦਾ 33 ਫੀਸਦੀ ਸਟਾਫ ਹੀ ਕੰਮਕਾਜ ਕਰੇਗਾ। ਇਸ ਦੇ ਨਾਲ ਹੀ ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਇਹ ਫੀਸਦੀ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਅਦਾਰਿਆਂ ’ਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਵਿਚ ਰੱਖਿਆ ਅਤੇ ਸੁਰੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਪੁਲਿਸ, ਜੇਲਾਂ, ਹੋਮ ਗਾਰਡਜ, ਸਿਵਲ ਡਿਫੈਂਸ, ਫਾਇਰ ਅਤੇ ਐਮਰਜੈਂਸੀ ਸੇਵਾ, ਆਪਦਾ ਪ੍ਰਬੰਧਨ ਅਤੇ ਸਬੰਧਤ ਸੇਵਾਵਾਂ, ਐਨ.ਆਈ.ਸੀ., ਕਸਟਮਜ, ਐਫ.ਸੀ.ਆਈ., ਐਨ.ਸੀ.ਸੀ., ਐਨ.ਵਾਈ.ਕੇ., ਤੇ ਮਿਊਂਸਪਲ ਸਰਵਿਸਿਜ ਸ਼ਾਮਲ ਹਨ।
ਇਸ ਬਾਰੇ ਅੱਗੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੈਜਿਸਟ੍ਰੇਟ ਕੁਮਾਰ ਅਮਿਤ ਨੇ ਦੱਸਿਆ ਕਿ ਦਫ਼ਤਰਾਂ ਵਿੱਚ ਕੰਮ-ਕਾਜ ਲਈ ਆਉਣ-ਜਾਣ ਲਈ ਕਰਮਚਾਰੀਆਂ ਨੂੰ ਵੱਖਰੇ ਤੌਰ ‘ਤੇ ਕੋਈ ਡਿਊਟੀ ਪਾਸ ਜਾਂ ਕਰਫਿਊ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੇ ਦਫ਼ਤਰਾਂ ਵੱਲੋਂ ਜਾਰੀ ਪਛਾਣ ਪੱਤਰ ਹੀ ਅਧਿਕਾਰਤ ਹੋਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਇਹ ਹੁਕਮ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਅਤੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਹੀ ਜਾਰੀ ਕੀਤੇ ਗਏ ਹਨ ਅਤੇ ਸਬੰਧਤ ਵਿਭਾਗਾਂ ਦੇ ਮੁਖੀ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾਂ ਯਕੀਨੀ ਬਣਾਉਣਗੇ।