Patiala district youth : ਪੰਜਾਬ ਦੇ ਪਟਿਆਲਾ ਜ਼ਿਲੇ ਦਾ ਰਹਿਣ ਵਾਲਾ ਭਾਰਤੀ ਫੌਜ ਦਾ ਇਕ ਹੋਰ ਜਵਾਨ ਅੱਤਵਾਦੀਆਂ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਭਾਰਤੀ ਫੌਜ ਦਾ ’24 ਪੰਜਾਬ ਰੈਜੀਮੈਂਟ’ ਦਾ ਪਿੰਡ ਦੋਦੜਾ ਦਾ ਰਹਿਣ ਵਾਲਾ ਇਹ ਜਵਾਨ ਰਾਜਵਿੰਦਰ ਸਿੰਘ ਪੁੱਤਰ ਸ. ਅਵਤਾਰ ਸਿੰਘ ਅੱਜ ਸਵੇਰੇ ਕਸ਼ਮੀਰੀ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਦੇਸ਼ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ।
ਦੱਸਣਯੋਗ ਹੈ ਕਿ ਅੱਜ ਮੰਗਲਵਾਰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮਦ ਦੌਰਾਨ ਇਕ ਅੱਤਵਾਦੀ ਵੀ ਮਾਰਿਆ ਗਿਆ। ਅਧਿਕਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜ ਨੂੰ ਅੱਤਵਾਦੀਆਂ ਦੇ ਇਥੇ ਹੋਣ ਸਬੰਧੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਆਧਾਰ ’ਤੇ ਰਾਸ਼ਟਰੀ ਰਾਈਫਲਜ਼, ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ ਜੰਮੂ-ਕਸ਼ਮੀਰ ਪੁਲਿਸ ਦੀ ਵਿਸ਼ੇਸ਼ ਮੁਹਿੰਮ ਦੌਰਾਨ ਅੱਜ ਤੜਕੇ ਪੁਲਵਾਮਾ ਦੇ ਗੋਸੂ ਪਿੰਡ ਵਿਚ ਸਾਂਝੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਪਿੰਡ ਤੋਂ ਬਾਹਰ ਨਿਕਲਣ ਦੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਅਤੇ ਸ਼ੱਕੀ ਇਲਾਕੇ ਵੱਲ ਵਧਣਾ ਸ਼ੁਰੂ ਕੀਤਾ। ਉਦੋਂ ਉਥੇ ਲੁਕੇ ਹੋਏ ਅੱਤਵਾਦੀਆਂ ਨੇ ਜਵਾਨਾਂ ’ਤੇ ਲਗਾਤਾਰ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਵਿਚ ਰਾਜਵਿੰਦਰ ਸਿੰਘ ਸ਼ਹੀਦ ਹੋ ਗਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਟਿਆਲਾ ਜ਼ਿਲੇ ਦੇ ਦੋ ਜਵਾਨ ਜਿਹਨਾਂ ਵਿਚ ਨਾਇਬ ਸੂਬੇਦਾਰ ਮਨਦੀਪ ਸਿੰਘ ਤੇ ਲਾਂਸ ਨਾਇਕ ਸਲੀਮ ਖਾਨ ਸ਼ਾਮਲ ਹਨ, ਵੀ ਲੱਦਾਖ ਵਿਚ ਸ਼ਹੀਦ ਹੋ ਚੁੱਕੇ ਹਨ