Patiala police arrest two for spreading : ਕੋਰੋਨਾ ਮਹਾਮਾਰੀ ਅਤੇ ਜੋਧਿਆਂ ਬਾਰੇ ਗਲਤ ਅਫਵਾਹਾਂ ਫੈਲਾਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪਟਿਆਲਾ ਪੁਲਿਸ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਅਤੇ ਪੋਸਟਾਂ ਅਪਲੋਡ ਕਰਨ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਐਸਐਸਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਕਿਹਾ ਕਿ ਗਰੇਸ਼ ਭੱਟ ਪੁੱਤਰ ਪਰਮਾਨੰਦ ਭੱਟ ਨਿਵਾਸੀ ਰਣਜੀਤ ਨਗਰ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਅਪਲੋਡ ਕਰਦਿਆਂ ਕਰਕੇ ਕੋਰੋਨਾ ਮਹਾਂਮਾਰੀ, ਡਾਕਟਰਾਂ ਅਤੇ ਕੋਰੋਨਾ ਯੋਧਿਆਂ ਬਾਰੇ ਝੂਠੀਆਂ ਅਫਵਾਹਾਂ ਫੈਲਾਈਆਂ ਸਨ। ਉਸ ਵਿਰੁੱਧ ਤ੍ਰਿਪੁਰੀ ਥਾਣੇ ਵਿਚ ਆਈਪੀਸੀ ਦੀ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਪਹਿਲੇ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਵਿਖੇ ਸਰਬਜੋਤ ਸਿੰਘ ਸੋਨੂੰ ਪੁੱਤਰ ਗੁਲਵਿੰਦਰ ਸਿੰਘ ਵਾਸੀ ਗੋਬਿੰਦ ਨਗਰ ਨੂੰ ਆਈਪੀਸੀ ਦੀ ਧਾਰਾ 188 ਅਤੇ ਆਪਦਾ ਪ੍ਰਬੰਧਨ ਐਕਟ ਦੀ ਧਾਰਾ 54 ਤਹਿਤ ਦਰਜ ਇਕ ਹੋਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਨੇ ਪਟਿਆਲੇ ਵਿੱਚ ਇੱਕ ਫੇਸਬੁੱਕ ਸਮੂਹ ਵਿੱਚ ਪਿੰਡਾਂ ਵਿੱਚ ਕੋਵਿਡ-19 ਦੇ ਟੈਸਟ ਸਬੰਧੀ ਇੱਕ ਮੈਸੇਜ ਭੇਜ ਕੇ ਅਫਵਾਹਾਂ ਫੈਲਾਈਆਂ ਸਨ, ਜੋ ਸਿਹਤ ਵਿਭਾਗ ਦੀਆਂ ਟੀਮਾਂ ਬਾਰੇ ਗਲਤ ਧਾਰਨਾਵਾਂ ਪੈਦਾ ਕਰ ਰਹੀਆਂ ਸਨ। ਦੋਵਾਂ ਮਾਮਲਿਆਂ ਦੀ ਜਾਂਚ ਡੀਐਸਪੀ ਸਿਟੀ -2 ਸ੍ਰੀ ਸੌਰਵ ਜਿੰਦਲ ਕਰ ਰਹੇ ਹਨ। ਦੱਸਣਯੋਗ ਹੈ ਕਿ ਹੁਣ ਤੱਕ ਜ਼ਿਲ੍ਹਾ ਪੁਲਿਸ ਨੇ ਕੋਵਿਡ ਬਾਰੇ ਝੂਠੇ ਅਫਵਾਹਾਂ ਫੈਲਾਉਣ ਲਈ 6 ਐਫ.ਆਈ.ਆਰ. ਦਰਜ ਕੀਤੀਆਂ ਹਨ, ਜਿਸ ਵਿਚ ਇਕ ਮਾਮਲਾ ਡਾਕਟਰ ‘ਤੇ ਹਮਲਾ ਕਰਨ ਦਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਕੋਵਿਡ ਸਬੰਧੀ ਕਿਸੇ ਵੀ ਮੁੱਦੇ ਬਾਰੇ ਕੋਈ ਸਪਸ਼ਟੀਕਰਨ ਲੈਣ ਲਈ ਹੈਲਪਲਾਈਨ ਨੰਬਰ 0175-2350550 ਅਤੇ 62843-57500 ‘ਤੇ ਡਾਇਲ ਕਰਨ ਤੋਂ ਇਲਾਵਾ ਸਾਡੇ ਵਟਸਐਪ ਪੋਰਟਲ (96468-00112)’ ਤੇ ਅਜਿਹੇ ਅਨਸਰਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਅਫਵਾਹਾਂ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ, ਜਿਸ ਨਾਲ ਲੋਕਾਂ ਵਿੱਚ ਕਿਸੇ ਕਿਸਮ ਦੀ ਭੁਲੇਖਾ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਕੋਵਿਡ-19 ਮਹਾਮਾਰੀ ਅਤੇ ਕੋਰੋਨਾ ਜੋਧਿਆਂ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲੇ ਅਨਸਰਾਂ ‘ਤੇ ਪਟਿਆਲਾ ਪੁਲਿਸ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਜਿਹੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।