Patient confirmed in Ferozepur : ਸੂਬੇ ਵਿਚ ਕੋਵਿਡ-19 ਦਾ ਕਹਿਰ ਵਧ ਰਿਹਾ ਹੈ। ਹਰੇਕ ਜਿਲ੍ਹੇ ਵਿਚ ਇਸ ਦੇ ਪਾਜੀਟਿਵ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਫਿਰੋਜ਼ਪੁਰ ਤੋਂ ਇਕ ਹੋਰ ਕੋਵਿਡ-19 ਮਰੀਜ਼ ਦੀ ਪੁਸ਼ਟੀ ਹੋਈ ਹੈ। ਕੁਝ ਦਿਨ ਪਹਿਲਾਂ ਉਕਤ ਵਿਅਕਤੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਤੇ ਉਸ ਦੇ ਸੈਂਪਲ ਲੈਬ ਵਿਚ ਟੈਸਟ ਲਈ ਭੇਜੇ ਗਏ ਸਨ। ਅੱਜ ਉਸ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਈ ਹੈ। ਇਸ ਤਰ੍ਹਾਂ ਫਿਰੋਜ਼ਪੁਰ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 45 ਹੋ ਗਈ ਹੈ। ਸਿਹਤ ਵਿਭਾਗ ਵਲੋਂ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇਸ ਕੋਰੋਨਾ ਪਾਜੀਟਿਵ ਮਰੀਜ਼ ਦੇ ਸੰਪਰਕ ਵਿਚ ਸਨ ਤੇ ਪਰਿਵਾਰਕ ਮੈਂਬਰਾਂ ਨੂੰ ਅਹਿਤਿਆਤ ਦੇ ਤੌਰ ‘ਤੇ ਏਕਾਂਤਵਾਸ ਵਿਚ ਰੱਖਿਆ ਗਿਆ ਹੈ।
ਸੂਬੇ ਵਿਚ ਹੁਣ ਤਕ ਕੋਰੋਨਾ ਵਾਇਰਸ ਨਾਲ 33 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸ ਨਾਲ ਜਲੰਧਰ ਵਿਖੇ 6 ਮੌਤਾਂ, ਅੰਮ੍ਰਿਤਸਰ ’ਚ 4 ਮੌਤਾਂ, ਲੁਧਿਆਣਾ ’ਚ 6, ਗੁਰਦਾਸਪੁਰ ’ਚ 1, ਨਵਾਂਸ਼ਹਿਰ ਵਿਖੇ 1, ਮੋਹਾਲੀ ’ਚ 3, ਪਟਿਆਲਾ ’ਚ 2, ਹੁਸ਼ਿਆਰਪੁਰ ’ਚ 4, ਬਰਨਾਲਾ ਤੇ ਰੋਪੜ ’ਚ 1, ਪਠਾਨਕੋਟ ਤੇ ਕਪੂਰਥਲਾ ਵਿਚ ਇਕ-ਇਕ ਮੌਤ ਹੋ ਚੁੱਕੀ ਹੈ। ਪੂਰੇ ਵਿਸ਼ਵ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਲਗਭਗ 4215496 ਤੋਂ ਵਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ਵਿਚ ਹੁਣ ਤਕ 1949 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਿਸ ਵਿਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਲਗਭਗ 160 ਵਿਅਕਤੀ ਕੋਰੋਨਾ ਤੋਂ ਮੁਕਤ ਹੋ ਕੇ ਘਰ ਵੀ ਜਾ ਚੁੱਕੇ ਹਨ।
ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਵਲੋਂ ਥੋੜ੍ਹੀ ਬਹੁਤੀ ਛੋਟ ਦਿੱਤੀ ਗਈ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਇਹ ਹਵਾਲਾ ਦਿੱਤਾ ਹੈ ਕਿ ਉਹ ਦਿੱਤੀ ਢਿੱਲ ਦਾ ਗਲਤ ਫਾਇਦਾ ਨਾ ਚੁੱਕਣ ਕਿਉਂਕਿ ਇਹ ਛੋਟ ਸਿਰਫ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਘੱਟ ਕਰਨ ਲਈ ਦਿੱਤੀ ਗਈ ਹੈ। ਕੋਰੋਨਾ ਕਾਰਨ ਕਾਫੀ ਦੇਰ ਤੋਂ ਸੂਬੇ ਵਿਚ ਸਾਰੇ ਕਾਰੋਬਾਰ ਠੱਪ ਪਏ ਹਨ। ਆਮ ਜਨਤਾ ਨੂੰ ਚਾਹੀਦਾ ਹੈ ਕਿ ਉਹ ਕੋਰੋਨਾ ਨੂੰ ਹਰਾਉਣ ਵਿਚ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਦੇਣ ਤੇ ਉਸ ਦੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।