People not wearing mask : ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਨਾ ਪਹਿਨਣ ਵਾਲਿਆਂ ਨੂੰ ਜੁਰਮਾਨਾ ਤੇ ਭਰਨਾ ਹੀ ਪਏਗਾ ਇਸ ਦੇ ਨਾਲ ਹੁਣ ਇਕ ਘੰਟਾ ਖੜ੍ਹੇ ਰਹਿਣ ਦੀ ਸਜ਼ਾ ਵੀ ਭੁਗਤਣੀ ਪਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਸਕ ਨਾ ਪਹਿਨਣ ਵਾਲਿਆਂ ਖਿਲਾਫ ਸਖਤੀ ਵਰਤਣ ਦਾ ਹੁਕਮ ਦਿੰਦਿਆਂ ਕਿਹਾ ਹੈ ਕਿ ਬਿਨਾਂ ਮਾਸਕ ਫੜੇ ਗਏ ਲੋਕਾਂ ਨੂੰ ਇਕ ਘੰਟਾ ਉਥੇ ਮਾਸਕ ਪਹਿਨਾ ਕੇ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਜਾਵੇ।
ਹਾਲਾਂਕਿ ਇਹ ਹੁਕਮ ਇਕ ਹਫਤੇ ਦੇ ਟ੍ਰਾਇਲ ਵਜੋਂ ਦਿੱਤੇ ਗਏ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਣਾ ਜ਼ਰੂਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਮਾਸਕ ਨਾ ਪਹਿਨਣ ਦੇ 3.82 ਲੱਖ ਲੋਕਾਂ ਦੇ ਚਾਲਾਨ ਕੱਟੇ ਗਏ ਹਨ। ਸੂਬੇ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਲੋਕ ਹੁਣ ਵੀ ਮਾਸਕ ਨਹੀਂ ਪਹਿਨ ਰਹੇ। ਕੈਪਟਨ ਨੇ ਇਹ ਗੱਲ ਆਪਣੇ ਫੇਸਬੁੱਕ ਲਾਈਵ ਹੋ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਹੀ। ਉਨ੍ਹਾਂ ਲੋਕਾਂ ਨੂੰ ਸਿੱਧੇ ਨਿੱਜੀ ਹਸਪਤਾਲਾਂ ਵਿਚ ਨਾ ਜਾਣ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਵੀ ਬਿਹਤਰ ਇਲਾਜ ਉਪਲਬਧ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅਗਸਤ ਮਹੀਨੇ ਦੇ ਅਖੀਰ ਜਾਂ ਸਤੰਬਰ ਦੀ ਸ਼ੁਰੂਆਤ ਵਿਚ ਕੋਰੋਨਾ ਦੇ ਪੀਕ ’ਤੇ ਆਉਣ ਦੀ ਸੰਭਾਵਨਾ ਹੈ। ਕੈਪਟਨ ਨੇ ਕਿਹਾ ਕਿ ਬਠਿੰਡਾ, ਬਰਨਾਲਾ ਅਤੇ ਫਿਰੋਜ਼ਪੁਰ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਹੋਏ ਵਾਧੇ ਦੇ ਚੱਲਦਿਆਂ ਫਿਲਹਾਲ ਇਸ ਮਾਮਲੇ ’ਤੇ ਆਰਾਮ ਨਾਲ ਨਹੀਂ ਬੈਠਿਆ ਜਾ ਸਕਦਾ।