PGI Doctors Doot : ਦੇਸ਼ ਭਰ ਵਿਚ ਅਜੇ ਵੀ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਦੌਰਾਨ ਮੈਡੀਕਲ ਸਟਾਫ ਵੱਲੋਂ ਕਈ ਤਰ੍ਹਾਂ ਦੇ ਪ੍ਰਯੋਗ ਕੀਤੇ ਜਾ ਰਹੇ ਹਨ ਤਾਂਕਿ ਕੋਰੋਨਾ ਤੋਂ ਹੈਲਥ ਵਰਕਰਾਂ ਤੇ ਸਟਾਫ ਨੂੰ ਇਸ ਦੀ ਇਨਫੈਕਸ਼ਨ ਹੋਣ ਤੋਂ ਬਚਾਇਆ ਜਾ ਸਕੇ, ਇਸੇ ਲੜੀ ਦੇ ਅਧੀਨ ਪੀਜੀਆਈ ਚੰਡੀਗੜ੍ਹ ਵੱਲੋਂ ਇਕ ਰੋਬੋਟ ਟਰਾਲੀ ਤਿਆਰ ਕੀਤੀ ਗਈ ਹੈ, ਜੋਕਿ ਮਰੀਜ਼ਾਂ ਤੱਕ ਖਾਣਾ, ਦਵਾਈਆਂ ਆਦਿ ਪਹੁੰਚਾਏਗੀ। ਇਸ ਟਰਾਲੀ ਨੂੰ ‘ਦੂਤ’ ਦਾ ਨਾਂ ਦਿੱਤਾ ਗਿਆ ਹੈ। ਇਹ ਟਰਾਲੀ ਪੀਜੀਆਈ ਕੋਵਿਡ ਵਾਰਡ ਵਿਚ ਸਾਮਾਨ ਲਿਆਉਣ ਅਤੇ ਲਿਜਾਣ ਲਈ ਵਰਤੀ ਜਾਏਗੀ।
ਇਸ ਟਰਾਲੀ ਨੂੰ ਡਾਕਟਰ ਪ੍ਰਣਯ ਮਹਾਜਨ, ਡਾ. ਸ਼ੈਲੇਸ਼ ਗਾਹੁਕਰ ਅਤੇ ਇੰਜੀਨੀਅਰਿੰਗ ਵਿਭਾਗ ਦੀ ਟੀਮ ਵੱਲੋਂ ਤਿਆਰ ਕੀਤਾ ਗਿਆ ਹੈ। ਟੀਮ ਨੇ ਪੀਜੀਈਆਈ ਕੋਵਿਡ ਵਾਰਡ ਦੇ ਇੰਚਾਰਜ ਵਿਪਨ ਕੌਸ਼ਲ ਦੀ ਅਗਵਾਈ ਹੇਠ ਕੰਮ ਕੀਤਾ ਹੈ। ਸ਼ਨੀਵਾਰ ਨੂੰ ਇਸ ਰੋਬੋਟਿਕ ਟਰਾਲੀ ਨੂੰ ਪੀਜੀਆਈ ਡਾਇਰੈਕਟਰ ਨੂੰ ਸੌਂਪ ਦਿੱਤਾ ਗਿਆ ਤੇ ਹੁਣ ਇਸ ਨੂੰ ਨਹਿਰੂ ਐਕਸਟੈਂਸ਼ਨ ਸੈਂਟਰ ਵਿਚ ਕੋਵਿਡ-19 ਮਰੀਜ਼ਾਂ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਰੋਬੋਟ ਟਰਾਲੀ ਵਿੱਚ 360 ਡਿਗਰੀ ਦਾ ਐਂਗਲ ਕੈਮਰਾ ਹੈ। ਇਸ ਦੇ ਉਪਰਲੇ ਹਿੱਸੇ ‘ਤੇ ਇਕ ਟੈਬ ਵੀ ਲਗਾਈ ਗਈ ਹੈ। ਇਸ ਦਾ 4 ਘੰਟੇ ਬੈਟਰੀ ਬੈਕਅਪ ਹੈ। ਇਹ ਮੋਬਾਈਲ ਅਤੇ ਲੈਪਟਾਪ ਤੋਂ ਲੈ ਕੇ ਬੈਠਣ ਤੱਕ ਕਿਤੇ ਵੀ ਚਲਾਇਆ ਜਾ ਸਕਦਾ ਹੈ। ਡਾ ਪ੍ਰਣਯ ਅਨੁਸਾਰ ਉਸ ਉਤੇ ਲਾਗਤ 25 ਹਜ਼ਾਰ ਆਈ ਹੈ। ਡਾਕਟਰ ਦੇ ਅਨੁਸਾਰ, ਉਹ ਹੁਣ ਇਸ ਦੇ ਨਵੇਂ ਵਰਜ਼ਨ ‘ਤੇ ਕੰਮ ਕਰ ਰਹੇ ਹਨ।
ਇਸ ਡਿਵਾਈਸ ਦੀ ਮਦਦ ਰਾਹੀਂ ਕੋਵਿਡ-19 ਮਰੀਜ਼ ਦੇ ਕੋਲ ਜਾਣ ਤੋਂ ਬਿਨਾਂ ਹੀ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ। ਦੱਸਣਯੋਗ ਹੈ ਕਿ ਲੌਕਡਾਊਨ ਦਾ ਪਹਿਲਾ ਪੜਾਅ ਸ਼ੁਰੂ ਹੋਣ ’ਤੇ ਹੀ ਡਾ. ਪ੍ਰਣਯ ਅਤੇ ਉਸਦੀ ਟੀਮ ਨੇ ਇਸ ਲਈ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਪੀਜੀਆਈ ਵਿਚ ਤਿਆਰ ਕਰਨ ਦਾ ਕੰਮ ਕੀਤਾ ਗਿਆ। ਇਸ ਸਬੰਧੀ ਪੀਜੀਆਈ ਦੇ ਡਾਇਰੈਕਟਰ ਡਾ. ਜਗਤ ਰਾਮ ਨੇ ਦੱਸਿਆ ਕਿ ਇਸ ਡਿਵਾਈਸ ਨਾਲ ਹੈਲਥ ਵਰਕਰ ਘੱਟ ਤੋਂ ਘੱਟ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣਗੇ, ਜਿਸ ਨਾਲ ਉਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਬਹੁਤ ਘੱਟ ਜਾਵੇਗਾ।