PGI finds better new techniques : ਚੰਡੀਗੜ੍ਹ ਪੀਜੀਆਈ ਵਿਚ ਟੀਬੀ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਨਵੀਂ ਤਕਨੀਕ ਦੀ ਖੋਜ ਕੀਤੀ ਹੈ, ਜਿਸ ਰਾਹੀਂ ਹੁਣ ਸਰੀਰ ਦੇ ਬਾਹਰਲੇ ਹਿੱਸਿਆਂ ਜਿਵੇਂ ਅੱਖਾਂ, ਜੋੜਾਂ, ਪੇਟ, ਸਿਰ ਵਿਚ ਹੋਣ ਵਾਲੀ ਟੀਬੀ ਦਾ ਸਫਲ ਇਲਾਜ ਕੀਤਾ ਜਾ ਸਕਦਾ ਹੈ। ਇਸ ਨਵੀਂ ਤਕਨੀਕ ਨੂੰ ਸਭ ਤੋਂ ਪਹਿਲਾਂ ਯੂਨੀਵਰਸਿਟੀ ਆਪ ਫਲੋਰਿਡਾ ਨੇ ਮਾਨਤਾ ਦਿੱਤੀ ਸੀ ਪਰ ਹੁਣ ਪੀਜੀਆਈ ਚੰਡੀਗੜ੍ਹ ਦੇ ਦੋ ਡਾਕਟਰਾਂ ਦੀ ਰਿਸਰਚ ਤੋਂ ਬਾਅਦ ਭਾਰਤ ਵਿਚ ਵੀ ਇਸ ਨਵੀਂ ਤਕਨੀਕ ਨੂੰ ਮਾਨਤਾ ਦੇ ਦਿੱਤੀ ਗਈ ਹੈ। ਇਸ ਤਕਨੀਕ ਨੂੰ ਲੱਭਣ ਵਾਲੇ ਪੀਜੀਆਈ ਡਾਕਟਰ ਦੀ ਡਾਕਟਰ ਪ੍ਰੋ. ਕੁਸੁਮ ਸ਼ਰਮਾ ਅਤੇ ਉਨ੍ਹਾਂ ਦੇ ਭਰਾ ਪ੍ਰੋ. ਅਮਨ ਸ਼ਰਮਾ ਦੀ ਟੀਬੀ ਦੇ ਇਲਾਜ ਦੀ ਇਸ ਨਵੀਂ ਤਕਨੀਕ ਨੂੰ ਨਵੀਂ ਦਿਲੀ ਤੋਂ ਪੇਟੇਂਟ ਕਰਵਾਇਆ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੀਜੀਆਈ ਦੇ ਮਾਈਕ੍ਰੋਬਾਇਲਾਜੀ ਵਿਭਾਗ ਦੀ ਪ੍ਰੋ. ਕੁਸੁਮ ਸ਼ਰਮਾ ਨੇ ਦੱਸਿਆ ਕਿ ਟੀਬੀ ਵਿਚ ਘੱਟ ਗਿਣਤੀ ’ਚ ਬੈਕਟੀਰੀਆ ਹੋਣ ਕਾਰਨ ਪੁਰਾਣੀ ਤਕਨੀਕ ਨਾਲ ਟੀਬੀ ਦੀ ਬੀਮਾਰੀ ਦਾ ਦੇਰ ਨਾਲ ਪਤਾ ਲੱਗਦਾ ਸੀ ਪਰ ਹੁਣ ਨਵੀਂ ਤਕਨੀਕ ਪੀਸੀਆਰ ਮਤਲਬ ਪਾਲੀਮਰੇਜ ਚੇਨ ਰਿਐਕਸ਼ਨ ਰਾਹੀਂ ਟੀਬੀ ਦਾ ਛੇਤੀ ਤੋਂ ਛੇਤੀ ਪਤਾ ਲਗਾਇਆ ਜਾ ਸਕੇਗਾ, ਜਿਸ ਨਾਲ ਬਿਹਤਰ ਢੰਗ ਨਾਲ ਇਲਾਜ ਹੋ ਸਕੇਗਾ। ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਹੁਣੇ ਜਿਹੇ ਸੈਂਟਰਲ ਡਵੀਜ਼ਨ ਨਵੀਂ ਦਿੱਲੀ ਨੇ ਇਨ੍ਹਾਂ ਐਕਸ ਪਲਮੋਨਰੀ ਟੀਬੀ ਦੀ ਵਧਦੀ ਸਮੱਸਿਆ ਨੂੰ ਦੇਖਦੇ ਹੋਏ ਗਾਈਡਲਾਈਨਸ ਜਾਰੀ ਕਰਦਿਆਂ ਇਸ ਸਮੱਸਿਆ ’ਤੇ ਰਿਸਰਚ ਲਈ ਪ੍ਰੋ. ਕੁਸੁਮ ਸ਼ਰਮਾ ਨੂੰ ਚੁਣਿਆ ਸੀ, ਜਿਸ ਵਿਚ ਪੀਜੀਆਈ ਦੇ ਐਕਸ ਡੀਨ ਸੁਭਾਸ਼ ਵਰਮਾ ਦੀ ਅਗਵਾਈ ਵਿਚ ਕੰਮ ਕੀਤਾ ਗਿਆ।
ਡਾ. ਕੁਸੁਮ ਸ਼ਰਮਾ ਤੇ ਡਾ. ਅਮਨ ਸ਼ਰਮਾ ਨੇ ਦੱਸਿਆ ਕਿ ਸਾਲ 2007 ਵਿਚ ਇਸ ਤਕਨੀਕ ’ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਡਾ. ਅਮੋਦ ਗੁਪਤਾ ਨੇ ਅੱਖਾਂ ਦੀ ਟੀਬੀ, ਪ੍ਰੋ. ਐਮਐਸ ਢਿੱਲੋਂ ਨੇ ਜੋੜਾਂ ਦੀ ਟੀਬੀ, ਪ੍ਰੋ. ਐਸਕੇ ਸਿਨਹਾ ਨੇ ਪੇਟ ਦੀ ਟੀਬੀ, ਪ੍ਰੋ. ਸੁਦੇਸ਼ ਪ੍ਰਭਾਕਰ ਨੇ ਸਿਰ ਦੀ ਟੀਬੀ ਅਤੇ ਡਾ. ਸੁਭਾਸ਼ ਵਰਮਾ ਨੇ ਪਲਮੋਨਰੀ ਟੀਬੀ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ।