ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਇੱਕ ਵੈਬਿਨਾਰ ਰਾਹੀਂ ਕੇਂਦਰੀ ਬਜਟ 2022 ਵਿੱਚ ਕੀਤੇ ਗਏ ਐਲਾਨਾਂ ਨੂੰ ਲਾਗੂ ਕਰਨ ਬਾਰੇ ਸੰਬੋਧਿਤ ਕੀਤਾ । ਇਸ ਵੈਬਿਨਾਰ ਦਾ ਉਦੇਸ਼ ਇਸ ਸਾਲ ਦੇ ਕੇਂਦਰੀ ਬਜਟ ਦੇ ਸਿੱਖਿਆ ਦੇ ਖੇਤਰ ‘ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵ ‘ਤੇ ਗੱਲ ਕਰਨਾ ਹੈ। ਇਸ ਵੈਬਿਨਾਰ ਨੂੰ ਸਿੱਖਿਆ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ। ਇਸ ਵਿੱਚ ਸਰਕਾਰੀ ਅਧਿਕਾਰੀ, ਉਦਯੋਗ ਪ੍ਰਤੀਨਿਧੀ, ਸਕਿੱਲ ਡੇਵਲਪਮੈਂਟ ਆਰਗਨਾਈਜ਼ੇਸ਼ਨ, ਵਿਦਿਆਰਥੀ, ਅਧਿਕਾਪਕ ਤੇ ਹੋਰ ਮਾਹਿਰ ਸ਼ਾਮਿਲ ਹੋਏ ਹਨ।
ਇਸ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦੇ ਭਵਿੱਖ ਦਾ ਮੁੱਢ ਹੈ। ਇਹ ਹੀ ਭਵਿੱਖ ਦੇ ਰਾਸ਼ਟਰ ਨਿਰਮਾਤਾ ਵੀ ਹਨ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮਜ਼ਬੂਤ ਕਰਨ ਦਾ ਮਤਲਬ ਹੈ ਭਾਰਤ ਦੇ ਭਵਿੱਖ ਨੂੰ ਮਜ਼ਬੂਤ ਕਰਨਾ। ਇਸੇ ਸੋਚ ਨਾਲ ਸਾਲ 2022 ਦੇ ਬਜਟ ਵਿੱਚ ਸਿੱਖਿਆ ਦੇ ਖੇਤਰ ਵਿੱਚ 5 ਗੱਲਾਂ ’ਤੇ ਜ਼ੋਰ ਦਿੱਤਾ ਗਿਆ ਹੈ । ਜਿਸ ਵਿੱਚ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ, ਹੁਨਰ ਵਿਕਾਸ, ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ, ਅੰਤਰਰਾਸ਼ਟੀਕਰਨ ਅਤੇ ਐਨੀਮੇਸ਼ਨ ਵਿਜ਼ੂਅਲ ਇਫੈਕਟਸ ਗੇਮਿੰਗ ਅਤੇ ਕਾਮਿਕਸ (AVGC) ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਬੋਲੇ- ‘ਪੰਜਾਬ ‘ਚ ‘ਆਪ’ ਪੂਰੇ ਬਹੁਮਤ ਨਾਲ ਬਣਾਏਗੀ ਸਰਕਾਰ, ਫਿਰ BJP ਨੂੰ ਦੇਵਾਂਗੇ ਟੱਕਰ’
ਇਸ ਤੋਂ ਅੱਗੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਬਜਟ ਰਾਸ਼ਟਰੀ ਸਿੱਖਿਆ ਨੀਤੀ ਨੂੰ ਲਾਗੂ ਕਰਨ ਵਿੱਚ ਮਦਦ ਕਰੇਗਾ। ਨੈਸ਼ਨਲ ਡਿਜ਼ਿਟਲ ਯੂਨੀਵਰਸਿਟੀ ਭਾਰਤ ਦੀ ਸਿੱਖਿਆ ਵਿਵਸਥਾ ਵਿੱਚ ਇੱਕ ਅਨੋਖਾ ਕਦਮ ਹੈ। ਡਿਜ਼ਿਟਲ ਯੂਨੀਵਰਸਿਟੀ ਸਾਡੇ ਦੇਸ਼ ਵਿੱਚ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਸੀਟਾਂ ਦੀ ਕਮੀ ਦੀ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀ ਹੈ। ਈ-ਵਿਦਿਆ, ਵਨ ਕਲਾਸ ਵਨ ਚੈਨਲ, ਡਿਜ਼ੀਟਲ ਲੈਬਸ, ਡਿਜ਼ੀਟਲ ਯੂਨੀਵਰਸਿਟੀ ਅਜਿਹੀ ਐਜੂਕੇਸ਼ਨਲ ਬੁਨਿਆਦੀ ਢਾਂਚਾ ਨੌਜਵਾਨਾਂ ਨੂੰ ਬਹੁਤ ਮਦਦ ਕਰਨ ਵਾਲਾ ਹੈ। ਇਹ ਭਾਰਤ ਦੇ ਸਮਾਜਿਕ-ਆਰਥਿਕ ਸੈਟਅਪ ਪਿੰਡਾਂ, ਗਰੀਬ, ਪਿਛੜੇ ਵਰਗ, ਆਦਿਵਾਸੀ, ਸਾਰਿਆਂ ਨੂੰ ਸਿੱਖਿਆ ਦੇ ਬਿਹਤਰ ਹੱਲ ਦੇਣ ਦੀ ਕੋਸ਼ਿਸ਼ ਹੈ।
ਦੱਸ ਦੇਈਏ ਕਿ ਇਸ ਸਾਲ ਦੇ ਬਜਟ ਵਿੱਚ ਸਿੱਖਿਆ ਖੇਤਰ ਵਿੱਚ ਕੁੱਲ 1,04,278 ਕਰੋੜ ਰੁਪਏ ਦਿੱਤੇ ਗਏ ਹਨ, ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 11,054 ਕਰੋੜ ਰੁਪਏ ਜ਼ਿਆਦਾ ਹੈ। ਪਿਛਲੇ ਸਾਲ ਸਿੱਖਿਆ ਦੇ ਖੇਤਰ ਵਿੱਚ ਕੁੱਲ 93,223 ਕਰੋੜ ਰੁਪਏ ਦਿੱਤੇ ਗਏ ਹਨ। ਬਜਟ 2022 ਵਿੱਚ ਕੀਤੇ ਗਏ ਐਲਾਨਾਂ ਨੂੰ ਤੇਜ਼ੀ ਨਾਲ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਵੱਖ-ਵੱਖ ਖੇਤਰਾਂ ਵਿੱਚ ਲਗਾਤਾਰ ਵੈਬਿਨਾਰ ਦਾ ਆਯੋਜਨ ਕਰਵਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: