PM Modi pays homage : ਭਾਈ ਤਾਰੂ ਸਿੰਘ ਜੀ 18ਵੀਂ ਸਦੀ ਦੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਸਿੱਖੀ ਨੂੰ ਕੇਸਾਂ-ਸਵਾਸਾਂ ਨਾਲ ਨਿਭਾਉਣ ਲਈ ਖੋਪਰੀ ਲੁਹਾ ਲਈ ਪਰ ਧਰਮ ਨਹੀਂ ਹਾਰਿਆ। ਭਾਈ ਤਾਰੂ ਸਿੰਘ ਜੀ ਦੇ ਅੱਜ 300ਵੀਂ ਜਨਮ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ। ਉਨ੍ਹਾਂ ਪੰਜਾਬ ਵਿੱਚ ਟਵੀਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦਾ ਨਾਂ ਹਮੇਸ਼ਾ ਹਿੰਮਤ ਤੇ ਨਿਡਰਤਾ ਦਾ ਸਮਾਨਾਰਥੀ ਹੋਵੇਗਾ। ਆਪਣੇ ਸੱਭਿਆਚਾਰ ਦੇ ਨਾਲ-ਨਾਲ ਲੋਕਾਚਾਰ ’ਤੇ ਹਮੇਸ਼ਾ ਮਾਣ ਕਰਨ ਵਾਲੇ, ਉਹ ਕਦੇ ਵੀ ਅਨਿਆਂ ਅੱਗੇ ਨਹੀਂ ਝੁਕੇ। ਉਹ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ।
ਭਾਈ ਤਾਰੂ ਸਿੰਘ ਜੀ ਦਾ ਜਨਮ 1716 ਨੂੰ ਪਿੰਡ ਪੂਹਲਾ, ਜਿਲ੍ਹਾ ਅੰਮ੍ਰਿਤਸਰ(ਹੁਣ ਤਰਨਤਾਰਨ) ਵਿਖੇ ਹੋਇਆ। ਪਿੰਡ ਘਰ ਵਿਚ ਆਪ ਆਪਣੀ ਮਾਤਾ ਜੀ ਤੇ ਭੈਣ ਜੀ ਨਾਲ ਰਹਿੰਦਿਆਂ ਖੇਤੀਬਾੜੀ ਕਰਦਿਆਂ ਸਾਦਾ ਤੇ ਖੁਸ਼ਹਾਲ ਜੀਵਨ ਬਤੀਤ ਕਰਦੇ ਸਨ1716 ਈ: ’ਚ ਬਾਬਾ ਬੰਦਾ ਸਿੰਘ ਜੀ ਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹੀਦੀ ਉਪਰੰਤ ਮੁਗ਼ਲਾਂ ਵੱਲੋਂ ਸਿੰਘਾਂ ਉੱਤੇ ਬਹੁਤ ਅੱਤਿਆਚਾਰ ਕਰਨੇ ਸ਼ੁਰੂ ਹੋ ਗਏ। ਉਸ ਸਮੇਂ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮ ਦੀ ਹੱਦ ਹੀ ਕਰ ਦਿੱਤੀ ਸੀ। ਜਿੱਥੇ ਵੀ ਕੋਈ ਸਿੰਘ ਮਿਲਦਾ ਉਸਨੂੰ ਮਾਰ ਦਿੱਤਾ ਜਾਂਦਾ। ਅਜਿਹੇ ਸਮੇਂ ਵਿਚ ਸਿੰਘਾਂ ਨੇ ਜੰਗਲਾਂ ਵਿਚ ਨਿਵਾਸ ਕਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਸਿੰਘਾਂ ਨੂੰ ਲੰਗਰ ਪਾਣੀ ਦੀ ਲੋੜ੍ਹ ਪੈਣੀ ਹੀ ਸੀ। ਭਾਈ ਤਾਰੂ ਸਿੰਘ ਜੀ ਤੇ ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸਹਾਇਤਾ ਲੰਗਰ ਤੇ ਹੋਰ ਜ਼ਰੂਰੀ ਚੀਜ਼ਾਂ ਨਾਲ ਕੀਤੀ। ਸਾਰਾ ਪਰਿਵਾਰ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਸਿੰਘਾਂ ਲਈ ਬੜੇ ਹੀ ਚਾਅ ਤੇ ਪਿਆਰ-ਸਤਿਕਾਰ ਨਾਲ ਲੰਗਰ ਤਿਆਰ ਕਰਦੇ।
ਇਕ ਦਿਨ ਇਕ ਗਰੀਬ ਮੁਸਲਮਾਨ ਭਾਈ ਤਾਰੂ ਸਿੰਘ ਜੀ ਦੇ ਘਰ ਆਇਆ, ਜਿਸ ਨੇ ਭਾਈ ਸਾਬ ਨੂੰ ਦੱਸਿਆ ਕਿ ਪੱਟੀ ਦਾ ਹਾਕਮ ਮੇਰੀ ਜਵਾਨ ਧੀ ਨੂੰ ਚੁੱਕ ਕੇ ਲੈ ਗਿਆ ਹੈ। ਇਹ ਗੱਲ ਸੁਣਦਿਆਂ ਹੀ ਭਾਈ ਤਾਰੂ ਸਿੰਘ ਜੰਗਲ ਵਿੱਚ ਸਿੰਘਾਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਗਏ ਤਾਂ ਸਿੰਘਾਂ ਨੂੰ ਇਸ ਘਟਨਾ ਬਾਰੇ ਦੱਸਿਆ। ਸਿੰਘਾਂ ਨੇ ਪੱਟੀ ਨਵਾਬ ਨੂੰ ਨਰਕਾਂ ਵਿੱਚ ਪੁਚਾ ਕੇ ਮੁਸਲਮਾਨ ਬਜੁਰਗ ਦੀ ਧੀ ਵਾਪਸ ਲਿਆ ਦਿੱਤੀ । ਇਸ ਗੱਲ ਦਾ ਲਹੌਰ ਵਿੱਚ ਰੌਲਾ ਪੈ ਗਿਆ ਪੱਟੀ ਦੇ ਹਾਕਮ ਦਾ ਕਤਲ ਕਿਸ ਨੇ ਕੀਤਾ। ਸਿੰਘਾਂ ਨਾਲ ਵੈਰ ਰੱਖਣ ਵਾਲਿਆਂ ਵਿੱਚੋਂ ਹਰਭਗਤ ਨਿਰੰਜਨੀਆਂ ਨਾਂ ਦੇ ਇਕ ਮੁਖਬਰ ਨੇ ਗਵਰਨਰ ਜ਼ਕਰੀਆਂ ਖਾਨ ਦੇ ਭਾਈ ਤਾਰੂ ਸਿੰਘ ਜੀ ਖਿਲਾਫ ਕੰਨ ਭਰਨੇ ਸ਼ੁਰੂ ਕਰ ਦਿੱਤੇ। ਜ਼ਕਰੀਆਂ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ। ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ ਅਤੇ ਬਹੁਤ ਤਸੀਹੇ ਦਿੱਤੇ ਗਏ। ਭਾਈ ਤਾਰੂ ਸਿੰਘ ਨੂੰ ਸਿੰਘਾਂ ਦੀ ਸਹਾਇਤਾ ਕਰਨ ਦੇ ਜੁਰਮ ਵਿਚ ਬਹੁਤ ਅੱਤਿਆਚਾਰ ਸਹਿਣ ਕਰਨੇ ਪਏ ਪਰ ਉਹ ਜ਼ਰਾ ਵੀ ਸਿੱਖੀ ਸਿਦਕ ਤੋਂ ਨਾ ਡੋਲੇ।
ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਮੁਸਲਮਾਨ ਬਣਨ ਲਈ ਕਿਹਾ ਤੇ ਅਜਿਹਾ ਨਾ ਮੰਨਣ ਤੇ ਕੇਸ ਕਤਲ ਕਰਨ ਦਾ ਹੁਕਮ ਦਿੱਤਾ। ਪਰ ਭਾਈ ਤਾਰੂ ਸਿੰਘ ਨੇ ਮੁਸਲਮਾਨ ਨਾ ਬਣਨ ਤੇ ਨਾ ਹੀ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ ਤੇ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਹਾਂ, ਪਰ ਸਤਿਗੁਰੂ ਦੀ ਦਿੱਤੀ ਪਿਆਰੀ ਪਵਿੱਤਰ ਦਾਤ ਨਹੀਂ ਦੇ ਸਕਦਾ। ਜ਼ਕਰੀਆਂ ਖਾਨ ਨੇ ਜਲਾਦ ਨੂੰ ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ। ਜਿਸ ਤੇ ਭਾਈ ਤਾਰੂ ਸਿੰਘ ਨੂੰ ਜ਼ਰਾ ਵੀ ਦੁੱਖ ਨਾ ਹੋਇਆ। ਖੋਪੜੀ ਲੱਥੀ ਤੋ ਬਾਅਦ ਆਪ 22 ਦਿਨ ਤੱਕ ਜਿਉਂਦੇ ਰਹੇ। ਇਸ ਤਰ੍ਹਾਂ ਆਪ ਨੇ 1745 ਈ: ਨੂੰ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੇ ਸਿੱਖਾਂ ਵਿੱਚ ਇਹ ਮਿਸਾਲ ਕਾਇਮ ਕੀਤੀ ਕਿ ਸਿੱਖ ਖੋਪਰੀ ਤਾਂ ਲੁਹਾ ਸਕਦੇ ਹਨ ਪਰ ਕੇਸ ਨਹੀਂ। ਅਜੀਹੇ ਮਹਾਨ ਸ਼ਹੀਦ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਹੈ।