PM Narendra Modi condoles: ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਸ਼ਨੀਵਾਰ ਯਾਨੀ ਕਿ ਅੱਜ ਪਿੰਡ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਵਾਪਰ ਗਿਆ, ਜਿੱਥੇ ਇੱਕ ਟਰੱਕ ਦੀ ਟਰਾਲੇ ਨਾਲ ਹੋਈ ਸਿੱਧੀ ਟੱਕਰ ਹੋ ਗਈ । ਇਸ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 35 ਮਜ਼ਦੂਰ ਜ਼ਖਮੀ ਹੋਏ ਹਨ। ਇਸ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਜ਼ਾਹਿਰ ਕੀਤਾ ਗਿਆ ਹੈ। ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਸੋਗ ਪ੍ਰਗਟ ਕਰਦਿਆਂ ਉਨ੍ਹਾਂ ਜ਼ਖਮੀ ਮਜ਼ਦੂਰਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ ।
ਇਸ ਸਬੰਧੀ
ਪੀਐਮ ਮੋਦੀ ਵੱਲੋਂ ਇੱਕ
ਟਵੀਟ ਵੀ ਕੀਤਾ ਗਿਆ ਹੈ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ ਹੋਇਆ ਸੜਕ ਹਾਦਸਾ ਬਹੁਤ ਦੁਖੀ ਹੈ। ਸਰਕਾਰ ਰਾਹਤ ਕਾਰਜਾਂ ਵਿਚ ਰੁੱਝੀ ਹੋਈ ਹੈ। ਮੈਂ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਜ਼ਾਹਿਰ ਕਰਦਾ ਹਾਂ ਅਤੇ ਨਾਲ ਹੀ ਜ਼ਖਮੀਆਂ ਨੂੰ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਉੱਥੇ ਹੀ ਦੂਜੇ ਪਾਸੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸ ਹਾਦਸੇ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਉਨ੍ਹਾਂ ਨੇ ਵੀ ਇਸ ਮਾਮਲੇ ਵਿੱਚ ਟਵੀਟ ਕਰਦਿਆਂ ਲਿਖਿਆ ਕਿ ਉੱਤਰ ਪ੍ਰਦੇਸ਼ ਦੇ ਔਰਈਆ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ 24 ਮਜ਼ਦੂਰਾਂ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਤੋਂ ਮੈਂ ਹੈਰਾਨ ਹਾਂ । ਮੈਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਅਤੇ ਜ਼ਖਮੀਆਂ ਦੀ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਔਰਈਆ ਵਿੱਚ ਹੋਏ ਸੜਕ ਹਾਦਸੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਮੌਤ ‘ਤੇ ਡੂੰਘਾ ਸੋਗ ਪ੍ਰਗਟਾਇਆ ਹੈ । ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਪੀੜਤਾਂ ਨੂੰ ਹਰ ਸੰਭਵ ਰਾਹਤ ਪ੍ਰਦਾਨ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ ।