Poison eaten by Batra Palace : ਜਲੰਧਰ ਦੇ ਗੋਪਾਲ ਨਗਰ ਵਿੱਚ ਸਥਿਤ ਬੱਤਰਾ ਪੈਲੇਸ ਦੇ ਮਾਲਿਕ ਹੀਰਾ ਬੱਤਰਾ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਭਰਾਵਾਂ ਵਿਚਾਲੇ ਆਪਸੀ ਵਿਵਾਦ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਬੱਤਰਾ ਨੂੰ ਇਲਾਜ ਲਈ ਇਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਬਿਆਨ ਦੇਣ ਦੀ ਨਹੀਂ ਹੈ। ਠੀਕ ਹੋਣ ’ਤੇ ਹੀਰਾ ਬੱਤਰਾ ਦੇ ਬਿਆਨ ਲੈ ਕੇ ਉਸੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ ਬੱਤਰਾ ਭਰਾਵਾਂ ਦੀ ਆਪਸ ਵਿੱਚ ਨਹੀਂ ਬਣਦੀ ਹੈ। ਹੀਰਾ ਭਾਈ ਕਾਲਾ ਦੇ ਨਾਲ ਉਨ੍ਹਾਂ ਦਾ ਘਰੇਲੂ ਕਲੇਸ਼ ਚੱਲ ਰਿਹਾ ਹੈ, ਇਸੇ ਕਾਰਨ ਪਿਛਲੇ ਮਹੀਨੇ ਤੋਂ ਹੀਰਾ ਪ੍ਰੇਸ਼ਾਨ ਰਹਿੰਦਾ ਸੀ। ਸ਼ਨੀਵਾਰ ਨੂੰ ਹੀਰਾ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਬਾਰੇ ਪਤਾ ਲੱਗਦੇ ਹੀ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਪੂਰਥਲਾ ਚੌਕ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਡਾਕਟਰਾਂ ਵੱਲੋਂ ਇਸ ਸਮੇਂ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ, ਸੂਚਨਾ ਮਿਲਣ ’ਤੇ ਥਾਣਾ ਨੰਬਰ-2 ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦਾ ਜਾਇਜ਼ਾ ਲਿਆ। ਇਕ ਪਾਸੇ ਹੀਰਾ ਦੀ ਪਤਨੀ ਸੁਭਾਨਾ ਨੇ ਵੱਡੇ ਭਰਾ ਨਾਲ ਵਿਵਾਦ ਦੀ ਗੱਲ ਕਹੀ ਹੈ, ਉਥੇ ਦੂਜੇ ਪਾਸੇ ਕਦੇ ਬੱਤਰਾ ਭਰਾ ਸਾਬਕਾ ਕੈਬਨਿਟ ਮੰਤਰੀ ਨਾਲ ਵਿਵਾਦ ਨੂੰਲੈ ਕੇ ਚਰਚਾ ਵਿੱਚ ਆ ਚੁੱਕੇ ਹਨ। ਇਸ ਤੋਂ ਪਹਿਲਾਂ ਕਦੇ ਉਹ ਮੰਤਰੀ ਦੇ ਬਹੁਤ ਨੇੜੇ ਹੁੰਦੇ ਸਨ। ਫਿਲਹਾਲ ਇਸ ਬਾਰੇ ਐੱਸਐੱਚਓ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਹੀਰਾ ਅਜੇ ਆਪਣੇ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਹਾਲਤ ਵਿੱਚ ਸੁਧਾਰ ਹੋਣ ’ਤੇ ਉਨ੍ਹਾਂ ਦੇ ਬਿਆਨ ਲੈਣ ਤੋਂ ਬਾਅਦ ਮਾਮਲੇ ’ਚ ਬਣਦੀ ਕਾਰਵਾਈ ਕੀਤੀ ਜਾਵੇਗੀ।