Poisonous liquor case : ਜ਼ਹਿਰੀਲੀ ਸ਼ਰਾਬ ਪੀਣ ਨਾਲ ਤਰਨਤਾਰਨ, ਅੰਮ੍ਰਿਤਸਰ ਤੇ ਬਟਾਲਾ (ਗੁਰਦਾਸਪੁਰ) ‘ਚ ਦੋ-ਦੋ ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਸੂਬੇ ਵਿਚ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਧ ਕੇ 122 ਹੋ ਗਈ ਹੈ। ਦੱਸਣਯੋਗ ਹੈ ਕਿ ਇਸ ਦੇ ਨਾਲ ਹੀ ਬੀਤੇ ਦਿਨ ਪੰਜਾਬ ਪੁਲਿਸ ਨੇ ਇਸ ਮਾਮਲੇ ਵਿਚ 12 ਹੋਰ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿਚ ਦੋ ਵਪਾਰੀ ਵੀ ਸ਼ਾਮਲ ਹਨ। ਅੱਠ ਦੋਸ਼ੀਆਂ ਦੀ ਭਾਲ ਅਜੇ ਜਾਰੀ ਹੈ। ਮੁੱਢਲੀ ਜਾਂਚ ਵਿਚ ਗ੍ਰਿਫਤਾਰ ਕੀਤੇ ਗਏ ਗੋਬਿੰਦਰ, ਰਵਿੰਦਰ, ਦਰਸ਼ਨਾ ਰਾਣੀ, ਤ੍ਰਿਵੇਣੀ ਚੌਹਾਨ ਅਤੇ ਹਰਪ੍ਰੀਤ ਸਿੰਘ ਇਸ ਮਾਮਲੇ ਵਿਚ ਮੁੱਖ ਦੋਸ਼ੀ ਪਾਏ ਗਏ ਹਨ। ਡੀਜੀਪੀ ਦਿਨਗਰ ਗੁਪਤਾ ਨੇ ਇਸ ਬਾਰੇ ਦੱਸਿਆ ਕਿ ਇਸ ਮਾਮਲੇ ਵਿਚ ਗ੍ਰਿਫਤਾਰ ਦੋਸ਼ੀਆਂ ਦੀ ਗਿਣਤੀ 37 ਹੋ ਚੁੱਕੀ ਹੈ। ਇਸ ਮਾਮਲੇ ਵਿਚ ਕਾਫੀ ਨਵੇਂ ਖੁਲਾਸੇ ਹੋਏ ਹਨ।
ਦੱਸਣਯੋਗ ਹੈ ਕਿ ਮੁੱਖ ਦੋਸ਼ੀਆਂ ਵਿਚ ਲੁਧਿਆਣਾ ਵਿਚ ਇਕ ਪੇਂਟ ਦੀ ਦੁਕਾਨ ਦਾ ਮਾਲਿਕ ਰਾਜੇਸ਼ ਜੋਸ਼ੀ ਵੀ ਹੈ, ਜਿਸ ਨੇ ਜ਼ਹਿਰੀਲੀ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ ਤਿੰਨ ਡਰਮਾਂ ਦੀ ਸਪਲਾਈ ਕੀਤੀ। ਉਸ ਦਾ ਨਾਮ ਪਿਛਲੇ 24 ਘੰਟਿਆਂ ਵਿੱਚ ਹੋਈਆਂ ਗ੍ਰਿਫਤਾਰੀਆਂ ਤੋਂ ਬਾਅਦ ਸਾਹਮਣੇ ਆਇਆ। ਜੰਡਿਆਲਾ ਦਾ ਗੋਬਿੰਦਰ ਉਰਫ ਗੋਬਿੰਦਾ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ। ਫੜੇ ਗਏ ਰਵਿੰਦਰ ਸਿੰਘ ਨੇ ਕਬੂਲ ਕੀਤਾ ਹੈ ਕਿ ਉਹ ਮੋਗਾ ਦੇ ਪੇਂਟ ਵਪਾਰੀ ਅਸ਼ਵਨੀ ਬਜਾਜ ਦਾ ਸਾਥੀ ਹੈ। ਇਸ ਮਾਮਲੇ ਵਿਚ ਬਜਾਜ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਚੀਮਾ ਚੌਕ, ਲੁਧਿਆਣਾ ਵਿਖੇ ਪੇਂਟ ਦੀ ਦੁਕਾਨ ਦਾ ਮਾਲਕ ਜੋਸ਼ੀ ਭਾਈ ਬਾਲਾ ਚੌਕ ਨੇੜੇ ਫਲੈਟਾਂ ਵਿੱਚ ਰਹਿੰਦਾ ਹੈ। ਉਸ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ। ਡੀਜੀਪੀ ਅਨੁਸਾਰ ਗ੍ਰਿਫਤਾਰ ਕੀਤੇ ਜਾਅਲੀ ਸ਼ਰਾਬ ਮਾਫੀਆ ਨਾਲ ਸਬੰਧਤ ਸਾਰੇ ਮੁਲਜ਼ਮਾਂ ਦੇ ਸੰਪਰਕ ਦੀ ਵੀ ਭਾਲ ਕੀਤੀ ਜਾ ਰਹੀ ਹੈ। ਜਲਦ ਹੀ ਹੋਰ ਗ੍ਰਿਫਤਾਰੀਆਂ ਹੋਣਗੀਆਂ।
ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਸ਼ਰਾਬ ਤਸਕਰ ਨੇ ਘਰ ਹੀ ਸ਼ਰਾਬ ਦੀ ਫੈਕਟਰੀ ਲਾਈ ਹੋਈ ਸੀ। ਦਰਅਸਲ ਬਟਾਲਾ ਪੁਲਿਸ ਦੀ ਵੱਲੋਂਇਸ, ਮਾਮਲੇ ਵਿਚ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਪਿੰਡ ਵਿੱਚ ਆਪਣੇ ਘਰ ਹੀ ਸ਼ਰਾਬ ਦੀ ਫੈਕਟਰੀ ਲਾਈ ਸੀ। ਇੱਥੇ ਕਈ ਆਟੋਮੈਟਿਕ ਮਸ਼ੀਨਾਂ ਵੀ ਹਨ। ਬਟਾਲਾ ਪੁਲਿਸ ਨੂੰ ਉੱਥੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਵੀ ਮਿਲੀ ਹੈ। ਗੋਬਿੰਦਰ ਤੇ ਹਰਪ੍ਰੀਤ ਆਪਸ ਵਿੱਚ ਪੁਰਾਣੇ ਜਾਣਕਾਰ ਹਨ।