Police officer wrote a notice ‘Hukamnama’ : ਪਟਿਆਲਾ ਜ਼ਿਲ੍ਹੇ ਦੇ ਅਰਬਨ ਅਸਟੇਟ ਦੇ ਪੁਲਿਸ ਥਾਣੇ ਵਿੱਚ ਦਰਜ ਇੱਕ ਕੇਸ ਸੰਬੰਧੀ ਥਾਣਾ ਮੁਖੀ ਵੱਲੋਂ ਔਰਤ ਨੂੰ ਥਾਣੇ ਵਿਚ ਬੁਲਾਉਣ ਲਈ ਕੱਢੇ ਗਏ ਨੋਟਿਸ ਲਈ ‘ਹੁਕਮਨਾਮਾ’ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦਾ ਔਰਤ ਵੱਲੋਂ ਸਖਤ ਵਿਰੋਧ ਕੀਤਾ ਗਿਆ ਹੈ। ਉਸ ਨੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਦੱਸਿਆ ਅਤੇ ਕਿਹਾ ਕਿ ਇਸ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਗਈ ਹੈ। ਪੀੜਤਾ ਨੇ ਡੀਜੀਪੀ ਪੰਜਾਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਸ ਸੰਬੰਧੀ ਪੱਤਰ ਦੀ ਕਾਪੀ ਭੇਜ ਕੇ ਥਾਣਾ ਮੁਖੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਨਵਨੀਤ ਕੌਰ ਪਤਨੀ ਰੁਪਿੰਦਰ ਸਿੰਘ ਵਾਸੀ ਪਿੰਡ ਧਬਲਾਨ ਨੇ ਦੋਸ਼ ਲਗਾਏ ਕਿ ਥਾਣਾ ਅਰਬਨ ਐਸਟੇਟ ਦੇ ਐਸ. ਐਚ. ਓ. ਇੰਸ. ਹੈਰੀ ਬੋਪਾਰਾਏ ਨੇ ਇਕ ਝੂਠੇ ਤੇ ਬੇਬੁਨਿਆਦੇ ਮਾਮਲੇ ‘ਚ ਮਾਮਲਾ ਦਰਜ ਕੀਤਾ। ਉਸ ਮਾਮਲੇ ਵਿਚ ਉਸ ਨੂੰ ਅਦਾਲਤ ਜ਼ਮਾਨਤ ਮਿਲਣ ‘ਤੇ ਵੀ ਵਾਰ-ਵਾਰ ਉਸ ਦੇ ਇੱਕ ਰਿਸ਼ਤੇਦਾਰ ਮਲਿੰਦਰ ਸਿੰਘ ਦੇ ਕਹਿਣ ‘ਤੇ ਥਾਣੇ ਸੱਦ ਕੇ ਉਸ ਨੂੰ ਤੇ ਮੇਰੀ ਭੈਣ ਸੰਦੀਪ ਕੌਰ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਥਾਣੇ ਆਉਣ ਦੇ ਕੱਢੇ ਸੂਚਨਾ/ਨੋਟਿਸ ਨੂੰ ਲਿਖਤੀ ਤੌਰ ‘ਤੇ ਹੁਕਮਨਾਮਾ ਕਿਹਾ, ਜੋਕਿ ਸਿੱਧੇ ਤੌਰ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ।
ਪੀੜਤਾ ਨੇ ਕਿਹਾ ਕਿ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦਿਆਂ ਹੋਇਆ ਉਸ ਨੂੰ ਥਾਣੇ ਵਿਚ ਪੇਸ਼ ਹੋਣ ਲਈ ਕੱਢੇ ਗਏ ਨੋਟਿਸ ਵਿਚ ‘ਹੁਕਮਨਾਮਾ’ ਸ਼ਬਦ ਦਾ ਇਸਤੇਮਾਲ ਕਰਨਾ ਗਲਤ ਹੈ ਜਦੋਂ ਕਿ ਹੁਕਮਨਾਮਾ ਸ਼ਬਦ ਸਿਰਫ਼ ਤੇ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੀ ਕੀਤੇ ਜਾਂਦੇ ਹੁਕਮਾਂ ਨੂੰ ਉਹ ਵੀ ਸਿੱਖ ਕੌਮ ਲਈ ਹੀ ਵਰਤਿਆ ਜਾਂਦਾ ਹੈ। ਨਵਨੀਤ ਕੌਰ ਨੇ ਡਾਇਰੈਕਟਰ ਜਨਰਲ ਆਫ ਪੁਲਸ ਦਿਨਕਰ ਗੁਪਤਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵੀ ਇਸ ਸਬੰਧੀ ਪੱਤਰ ਦੀ ਕਾਪੀ ਭੇਜ ਕੇ ਉਕਤ ਥਾਣਾ ਮੁਖੀ ਵੱਲੋਂ ’ਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।