Police shocked to hear thief’s name : ਅਂਮ੍ਰਿਤਸਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਇਕ ਵਿਅਕਤੀ ਦੀ ਬਾਈਕ ਚੋਰੀ ਹੋ ਗਈ ਅਤੇ ਉਸ ਨੇ ਖੁਦ ਸੀਸੀਟੀਵੀ ਫੁਟੇਜ ਖੰਗਾਲ ਕੇ ਬਾਈਕ ਚੋਰੀ ਕਰਨ ਵਾਲੇ ਦਾ ਪਤਾ ਵੀ ਲਗਾ ਲਿਆ। ਪਰ ਜਦੋਂ ਉਹ ਸੀਸੀਟੀਵੀ ਦੀ ਫੁਟੇਜ ਲੈ ਕੇ ਥਾਣੇ ਪਹੁੰਚਿਆ ਤਾਂ ਵਧੀਕ ਥਾਣਾ ਇੰਚਾਰਜ ਨੇ ਫੁਟੇਜ ਦੇਖ ਕੇ ਜਦੋਂ ਚੋਰ ਦਾ ਨਾਂ ਸੁਣਿਆ ਤਾਂ ਚੋਰ ਨੂੰ ਤਾਂ ਕੀ ਫੜਣਾ ਸੀ ਥਾਣਾ ਇੰਚਾਰਜ ਤੇ ਉਥੇ ਮੌਜੂਦ ਹੋਰ ਮੁਲਾਜ਼ਮਾਂ ਨੇ ਵੀ ਹੈਰਾਨ ਕਰਨ ਵਾਲਾ ਰਵੱਈਆ ਪੇਸ਼ ਕਰਦਿਆਂ ਕਿਹਾ ਕਿ ਉਹ ਚੋਰੀ ਹੋਈ ਬਾਈਕ ਲੈਣ ਦਾ ਖਿਆਲ ਛੱਡ ਦੇਵੇ। ਥਾਣਾ ਇੰਚਾਰਜ ਦਾ ਇਹ ਰਵੱਈਆ ਚੋਰਾਂ ਦਾ ਸਾਥ ਦੇਣ ਵਾਲਾ ਲੱਗ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ ਇਹ ਵਿਅਕਤੀ ਰਾਮਾਨੰਦ ਇਲਾਕੇ ਦਾ ਰਹਿਣ ਵਾਲਾ ਹਰਪਾਲ ਸਿੰਘ ਹੈ, ਜਿਸ ਨੇ ਪੁਲਿਸ ’ਤੇ ਦੋਸ਼ ਲਗਾਇਆ ਕਿ ਉਸ ਨੇ ਖੁਦ ਬਾਈਕ ਚੋਰਾਂ ਨੂੰ ਪਛਾਣ ਕੇ ਉਨ੍ਹਾਂ ਦਾ ਪਤਾ ਲਗਾਇਆ। ਜਦੋਂ ਉਹ ਦੋਸ਼ੀ ਨੂੰ ਗ੍ਰਿਫਤਾਰ ਕਰਵਾਉਣ ਲਈ ਰਾਮਬਾਗ ਥਾਣੇ ਵਿੱਚ ਪੁਲਿਸ ਦੇ ਕੋਲ ਪਹੁੰਚਿਆ ਤਾਂ ਵਧੀਕ ਥਾਣਾ ਇੰਚਾਰਜ ਤੇਜਿੰਦਰ ਸਿੰਘ ਨੇ ਚੋਰ ਦਾ ਨਾਂ ਸੁਣ ਕੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਚੋਰ ਪੇਸ਼ੇਵਰ ਹਨ ਅਤੇ ਉਨ੍ਹਾਂ ਖਿਲਾਫ ਪਹਿਲਾਂ ਹੀ ਕਈ ਮਾਮਲੇ ਦਰਜ ਹਨ। ਉਹ ਆਪਣੀ ਚੋਰੀ ਹੋਈ ਬਾਈਕ ਨੂੰ ਬਰਾਮਦ ਕਰਨ ਦਾ ਖਿਆਲ ਛੱਡ ਦੇਵੇ, ਕਿਉਂਕਿ ਚੋਰ ਨੇ ਉਸ ਨੂੰ ਅੱਗੇ ਵੇਚ ਦਿੱਤਾ ਹੈ।
ਹਰਪਾਲ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਚੋਰ ਨਾਲ ਸੰਬੰਧਤ ਦਸਤਾਵੇਜ਼ ਲੈ ਕੇ ਰਾਮਬਾਗ ਥਾਣੇ ਪਹੁੰਚਿਆ ਤਾਂ ਉਥੇ ਮੌਜੂਦ ਥਾਣਾ ਇੰਚਾਰਜ ਤਲਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਧਮਕੀ ਦਿੱਤੀ ਗਈ ਕਿ ਜਾਂਚ ਕਰਨਾ ਉਨ੍ਹਾਂ ਦਾ ਕੰਮ ਹੈ। ਉਹ ਉਨ੍ਹਾੰ ਦੇ ਕੰਮ ਵਿੱਚ ਰੋੜਾ ਨਾ ਅਟਕਾਏ। ਹਾਲਾਂਕਿ ਇਸ ਬਾਰੇਥਾਣਾ ਇੰਚਾਰਜ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਮਾਮਲਾ ਏਡੀਸੀਪੀ ਸਰਤਾਜ ਸਿੰਘ ਚਾਹਲ ਤੱਕ ਪਹੁੰਚ ਚੁੱਕਿਆ ਹੈ। ਵਿਅਕਤੀ ਨੇ ਸੀਸੀਟੀਵੀ ਦੀ ਫੁਟੇਜ ਤੇ ਘਟਨਾ ਦੀ ਸਾਰੀ ਜਾਣਕਾਰੀ ਮੋਬਾਈਲ ਫੋਨ ’ਤੇ ਏਡੀਸੀਪੀ ਚਾਹਲ ਨੂੰ ਭੇਜੀ। ਇਸ ਤੋਂ ਬਾਅਦ ਚਾਹਲ ਨੇ ਸਰਗਰਮੀ ਦਿਖਾਈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।