ਅੰਮ੍ਰਿਤਸਰ-ਬਠਿੰਡਾ ਹਾਈਵੇਅ ‘ਤੇ ਤੇਜ਼ ਰਫਤਾਰ ਕਾਰ ਚਾਲਕ ਨੇ ਚੇਕ ਪੋਸਟ ਮੱਖੂ ਵਿਖੇ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਲਿਜਾਂਦੇ ਸਮੇਂ ਇਕ ਕਾਂਸਟੇਬਲ ਦੀ ਮੌਤ ਹੋ ਗਈ। ਦੂਸਰੇ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।
ਜਾਣਕਾਰੀ ਅਨੁਸਾਰ ਇੱਕ ਸਵਿਫਟ ਕਾਰ ਚਾਲਕ ਗੁਰਲਾਲ ਸਿੰਘ ਨਿਵਾਸੀ ਪਿੰਡ ਪੱਖੋਪੁਰ, ਥਾਣਾ ਚੋਹਲਾ ਸਾਹਿਬ ਨੇ ਲਾਪਰਵਾਹੀ ਨਾਲ ਕਾਰ ਚਲਾਉਂਦੇ ਹੋਏ ਕਾਰ ਨੂੰ ਹਰੀਕੇ ਚੌਕੀ ਚੈੱਕ ਪੋਸਟ ਵਿਖੇ ਤਾਇਨਾਤ ਬਲਜਿੰਦਰ ਸਿੰਘ ਦੇ ਉੱਪਰ ਚੜ੍ਹਾ ਦਿੱਤਾ।
ਇਸ ਤੋਂ ਬਾਅਦ ਡਰਾਈਵਰ ਭੱਜ ਗਿਆ। ਨਿਸ਼ਾਨ ਸਿੰਘ (45) ਵਾਸੀ ਰਸੂਲਪੁਰ ਪਿੰਡ ਜ਼ਿਲ੍ਹਾ ਤਰਨਤਾਰਨ ਨੇ ਹਾਦਸੇ ਤੋਂ ਬਾਅਦ ਰਸਤੇ ਵਿੱਚ ਹੀ ਦਮ ਤੋੜ ਦਿੱਤਾ, ਜਦਕਿ ਦੂਸਰੇ ਕਰਮਚਾਰੀ ਬਲਜਿੰਦਰ ਸਿੰਘ ਦੀਆਂ ਲੱਤਾਂ ਟੁੱਟ ਗਈਆਂ। ਜ਼ਖਮੀ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਦਾ ਨਹੀਂ ਹੋਵੇਗਾ ਬੱਚਿਆਂ ‘ਤੇ ਅਸਰ, ਪਹਿਲਾਂ ਹੀ ਮੌਜੂਦ ਐਂਟੀਬਾਡੀ- PGI ਦੇ ਸੀਰੋ ਸਰਵੇਅ ‘ਚ ਖੁਲਾਸਾ
ਥਾਣਾ ਮੱਖੂ ਦੇ ਇੰਚਾਰਜ ਨੇ ਦੱਸਿਆ ਕਿ ਥਾਣਾ ਸਦਰ ਦੇ ਪਿੰਡ ਰਸੂਲਪੁਰ ਨਿਵਾਸੀ ਵਿਰਸਾ ਸਿੰਘ ਦੇ ਬਿਆਨਾਂ ‘ਤੇ ਦੋਸ਼ੀ ਗੁਰਲਾਲ ਸਿੰਘ ਦੇ ਖ਼ਿਲਾਫ਼ ਧਾਰਾ 304 ਏ, 279, 337, 338, 427 ਆਈਪੀਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਨਿਸ਼ਾਨ ਸਿੰਘ ਦੀ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ ਗਈ ਹੈ।