Policemen kidnapped boy : ਬਠਿੰਡਾ ਵਿੱਚ ਪੰਜਾਬ ਪੁਲਿਸ ਮੁਲਾਜ਼ਮਾਂ ਦੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਸੀ। ਦੱਸਿਆ ਜਾਂਦਾ ਹੈ ਕਿ ਚਾਰ ਵਿਅਕਤੀਆਂ ਵੱਲੋਂ ਇੱਕ ਵਪਾਰੀ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ। ਇਸ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਸਨ। ਉਨ੍ਹਾਂ ਨੇ 5 ਲੱਖ ਰੁਪਏ ਠੱਗਣ ਲਈ ਇਸ ਕਰਤੂਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਘਟਨਾ ਦੇ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਪੰਜਾਬ ਪੁਲਿਸ ਦੇ ਅਕਸ ਨੂੰ ਮਿੱਟੀ ਵਿੱਚ ਮਿਲਾਉਣ ਵਾਲੀ ਇਸ ਘਟਨਾ ਦਾ ਸੀਸੀਟੀਵੀ ਵੀ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਮਾਮਲਾ ਮੌੜ ਮੰਡੀ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮ ਕ੍ਰਿਸ਼ਨ ਧਾਗਾ ਮਿੱਲ ਦੇ ਮਾਲਕ ਮੱਖਣ ਲਾਲ ਮੰਗਲਾ ਦੇ 19 ਸਾਲਾ ਪੁੱਤਰ ਕਰਨ ਮੰਗਲਾ ਨੂੰ ਸੋਮਵਾਰ ਦੁਪਹਿਰ 2 ਵਜੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਅਗਵਾ ਕਰ ਲਿਆ ਸੀ। ਪਹਿਲਾਂ ਮੁਲਜ਼ਮ ਨੇ ਨੌਜਵਾਨ ਕਰਨ ਨੂੰ ਫੋਨ ਕਰਕੇ ਘਰ ਦੇ ਬਾਹਰ ਬੁਲਾਇਆ। ਫਿਰ ਉਸ ਦੇ ਨਾਲ ਮਾਰਕੁੱਟ ਕਰਦੇ ਹੋਏ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਨੇ ਤੁਰੰਤ ਇਸ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਕੰਟਰੋਲ ਰੂਮ ਰਾਹੀਂ ਪੂਰੇ ਜ਼ਿਲ੍ਹੇ ਵਿੱਚ ਨਾਕਾਬੰਦੀ ਕਰਵਾ ਦਿੱਤੀ, ਜਦਕਿ ਮੌੜ ਪੁਲਿਸ ਨੇ ਵੀ ਗੱਡੀ ਦਾ ਪਿੱਛਾ ਕੀਤਾ। ਇਨ੍ਹਾਂ ਚਾਰਾਂ ਮੁਲਜ਼ਮਾਂ ਨੂੰ ਬਠਿੰਡਾ ਦੇ ਪਿੰਡ ਰਾਮਨਗਰ ਚੌਕ ਨੇੜੇ ਅਗਵਾ ਕੀਤੇ ਗਏ ਨੌਜਵਾਨ ਅਤੇ ਆਈ-20 ਕਾਰ ਸਮੇਤ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਨੂੰ ਪੈਸੇ ਦੇ ਲਈ ਅਗਵਾ ਕੀਤਾ ਗਿਆ ਸੀ।
ਇਸ ਤੋਂ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਮੁਲਜ਼ਮਾਂ ਵਿਚੋਂ 2 ਪੰਜਾਬ ਪੁਲਿਸ ਮੁਲਾਜ਼ਮ ਪਾਏ ਗਏ। ਉਨ੍ਹਾਂ ਦੀ ਡਿਊਟੀ ਰਾਮਪੁਰਾ ਰੋਡ ‘ਤੇ ਡੇਰਾ ਸੱਚਾ ਸੌਦਾ ਸਿਰਸਾ ਦੇ ਨਾਮਚਰਚਾ ਘਰ ਵਿਚ ਗਾਰਦ ‘ਤੇ ਲੱਗੀ ਹੋਈ ਸੀ। ਪੁਲਿਸ ਨੇ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ ਵਿਭਾਗੀ ਕਾਰਵਾਈ ਲਈ ਵੀ ਲਿਖਿਆ ਗਿਆ ਹੈ। ਦੂਜੇ ਪਾਸੇ ਇਸ ਘਟਨਾ ਨੂੰ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਹ ਰਿਕਾਰਡਿੰਗ ਖੇਤਰ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।