ਈਸਾਈਆਂ ਦੇ ਸਰਵਉੱਚ ਧਰਮ ਗੁਰੂ ਪੋਪ ਫਰਾਂਸਿਸ ਨੇ ਐਤਵਾਰ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ । ਕੈਥੋਲਿਕ ਚਰਚ ਦੇ ਮੁਖੀ ਨੇ ਵੈਟੀਕਨ ਸਿਟੀ ਦੇ ਸੇਂਟ ਪੀਟਰਸਬਰਗ ਸਕੁਆਇਰ ‘ਤੇ ਇਕੱਠੇ ਹੋਏ ਲੋਕਾਂ ਨੂੰ ਆਪਣੇ ਹਫਤਾਵਾਰੀ ਸੰਬੋਧਨ ਵਿੱਚ ਕਿਹਾ ਕਿ ਯੂਕਰੇਨ ਵਿੱਚ ਖੂਨ ਅਤੇ ਹੰਝੂਆਂ ਦੀਆਂ ਨਦੀਆਂ ਵਹਿ ਰਹੀਆਂ ਹਨ। ਇਹ ਕੇਵਲ ਇੱਕ ਫੌਜੀ ਕਾਰਵਾਈ ਨਹੀਂ ਹੈ, ਸਗੋਂ ਇੱਕ ਜੰਗ ਹੈ ਜੋ ਮੌਤ, ਤਬਾਹੀ ਅਤੇ ਬਿਪਤਾ ਵੱਲ ਲਿਜਾ ਰਿਹਾ ਹੈ। ਪੋਪ ਦੇ ਸਖ਼ਤ ਸ਼ਬਦ ਅਜਿਹੇ ਸਮੇਂ ਵਿੱਚ ਆਏ ਹਨ ਜਦੋਂ ਪੋਲੈਂਡ ਨੇ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਦਾ ਸਵਾਗਤ ਕੀਤਾ ਹੈ। ਪੋਲੈਂਡ ਦੇ ਆਰਕਬਿਸ਼ਪ ਸਟੈਨਿਸਲਾਵ ਗਡੇਕੀ ਨੇ ਪਿਛਲੇ ਹਫ਼ਤੇ ਰੂਸੀ ਆਰਥੋਡਾਕਸ ਚਰਚ ਦੇ ਮੁਖੀ ਪੈਟ੍ਰੀਆਕ ਕਿਰਿਲ ਨੂੰ ਲਿਖਿਆ ਸੀ ਕਿ ਅੰਤਰਰਾਸ਼ਟਰੀ ਅਦਾਲਤਾਂ ਸਮੇਤ ਇਨ੍ਹਾਂ ਅਪਰਾਧਾਂ ਨਾਲ ਨਜਿੱਠਣ ਦਾ ਸਮਾਂ ਆਵੇਗਾ।
ਇਸ ਤੋਂ ਪਹਿਲਾਂ 27 ਫਰਵਰੀ ਨੂੰ ਪੋਪ ਫਰਾਂਸਿਸ ਨੇ ਯੂਕਰੇਨ ਵਿੱਚ ਯੁੱਧ ਸ਼ੁਰੂ ਕਰਨ ਦੇ “ਭੈੜੇ ਅਤੇ ਵਿਗੜੇ ਤਰਕ” ਦੀ ਆਲੋਚਨਾ ਕਰਦੇ ਹੋਏ ਪਹਿਲੀ ਵਾਰ ਜਨਤਕ ਰੂਪ ਵਿੱਚ ਸਖਤ ਟਿੱਪਣੀਆਂ ਕੀਤੀਆਂ ਸਨ । ਉਨ੍ਹਾਂ ਨੇ “ਦੁਖਦਾਈ” ਹਮਲੇ ਤੋਂ ਭੱਜਣ ਵਾਲੇ ਯੂਕਰੇਨੀ ਸ਼ਰਨਾਰਥੀਆਂ ਲਈ ਮਾਨਵਤਾਵਾਦੀ ਗਲਿਆਰੇ ਖੋਲ੍ਹਣ ਦੀ ਵੀ ਮੰਗ ਕੀਤੀ ਸੀ । ਹਾਲਾਂਕਿ, ਇਸ ਦੌਰਾਨ ਫਰਾਂਸਿਸ ਨੇ ਰੂਸ ਦਾ ਨਾਮ ਲੈਣ ਤੋਂ ਗੁਰੇਜ਼ ਕੀਤਾ ਸੀ ਕਿਉਂਕਿ ਉਹ ਰੂਸੀ ਆਰਥੋਡਾਕਸ ਚਰਚ ਨਾਲ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਸੀ ਕਿ ਯੁੱਧ ਕਰਨ ਵਾਲੇ ਮਨੁੱਖਤਾ ਨੂੰ ਭੁੱਲ ਜਾਂਦੇ ਹਨ।
ਇਹ ਵੀ ਪੜ੍ਹੋ: ਯੂਕਰੇਨ-ਰੂਸ ਜੰਗ : ਹਰਜੋਤ ਦੀ ਅੱਜ ਹੋਵੇਗੀ ਵਤਨ ਵਾਪਸੀ, ਕੀਵ ‘ਚ ਲੱਗੀ ਸੀ ਗੋਲੀ
ਪੋਪ ਫਰਾਂਸਿਸ ਨੇ ਅਸਾਧਾਰਨ ਪਹਿਲ ਕਰਦੇ ਹੋਏ ਰੋਮ ਸਥਿਤ ਰੂਸੀ ਦੂਤਾਵਾਸ ਜਾ ਕੇ ਯੂਕਰੇਨ ਵਿੱਚ ਜਾਰੀ ਯੁੱਧ ਨੂੰ ਰੋਕਣ ਦੀ ਅਪੀਲ ਕੀਤੀ ਸੀ ਅਤੇ ਯੁੱਧ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟਾਈ । ਫ੍ਰਾਂਸਿਸ ਨੇ ਯੂਕਰੇਨ ਵਿੱਚ ਇੱਕ ਚੋਟੀ ਦੇ ਗ੍ਰੀਕ ਕੈਥੋਲਿਕ ਨੇਤਾ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਸ ਯੁੱਧ ਨੂੰ ਰੋਕਣ ਲਈ ਜੋ ਵੀ ਕਰ ਸਕਦੇ ਹੋ, ਉਹ ਕਰਨਗੇ । ਪੋਪ ਦੀ ਇਸ ਪਹਿਲਕਦਮੀ ਨੂੰ ਅਸਾਧਾਰਨ ਮੰਨਿਆ ਜਾ ਰਿਹਾ ਸੀ ਕਿ ਕਿਉਂਕਿ ਆਮ ਤੌਰ ‘ਤੇ ਸਾਰੇ ਰਾਜ ਦੇ ਮੁਖੀ ਅਤੇ ਡਿਪਲੋਮੈਟ ਪੋਪ ਨੂੰ ਮਿਲਣ ਲਈ ਵੈਟੀਕਨ ਆਉਂਦੇ ਹਨ । ਕੂਟਨੀਤਕ ਪ੍ਰੋਟੋਕੋਲ ਦੇ ਤਹਿਤ ਵੈਟੀਕਨ ਦੇ ਵਿਦੇਸ਼ ਮੰਤਰੀ ਨੂੰ ਰੂਸੀ ਰਾਜਦੂਤ ਨੂੰ ਤਲਬ ਕਰਨਾ ਚਾਹੀਦਾ ਸੀ ।
ਵੀਡੀਓ ਲਈ ਕਲਿੱਕ ਕਰੋ -: