Portraits of Bhai Hazara Singh : ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਭਾਈ ਹਜ਼ਾਰਾ ਸਿੰਘ ਅਲਾਦੀਨਪੁਰ ਅਤੇ ਭਾਈ ਹੁਕਮ ਸਿੰਘ ਵਸਾਊਕੋਟ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ, ਜੋਕਿ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤਾਂ ਕੋਲੋਂ ਅਜ਼ਾਦ ਕਰਵਾਉਣ ਦੌਰਾਨ ਸ਼ਹੀਦ ਹੋਏ ਸਨ। ਇਨ੍ਹਾਂ ਸ਼ਹੀਦਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦਾ ਫੈਸਵਾ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ।
ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਨਿਭਾਈ। ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਭੁਪਿੰਦਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਅਰਦਾਸ ਭਾਈ ਸੁਲਤਾਨ ਸਿੰਘ ਨੇ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦਾ ਕੌਮ ਅੰਦਰ ਸਤਿਕਾਰਤ ਸਥਾਨ ਹੈ ਅਤੇ ਕੌਮ ਇਨ੍ਹਾਂ ਦੀਆਂ ਸ਼ਹਾਦਤਾਂ ਤੋਂ ਹਮੇਸ਼ਾ ਪ੍ਰੇਰਣਾ ਲੈਂਦੀ ਰਹੇਗੀ।
ਦੱਸਣਯੋਗ ਹੈ ਕਿ ਇਨ੍ਹਾਂ ਦੋਹਾਂ ਸ਼ਹੀਦਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ। ਸਿੱਖਾਂ ਨੇ ਪੁਜਾਰੀਆਂ ਹੱਥੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕਬਜ਼ਾ ਲੈਣ ਪਿੱਛੋਂ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਨੂੰ ਮਹੰਤਾਂ-ਪੁਜਾਰੀਆਂ ਤੋਂ ਖਾਲੀ ਕਰਵਾਉਣ ਦੀ ਠਾਣੀ। ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੇ ਸ਼ਹਿਰ ਨਿਵਾਸੀ ਸੰਤ ਸਿੰਘ ਅਸ਼ਟਾਮ ਫਰੋਸ਼ ਦੇ ਲੜਕੇ ਨੂੰ ਮਾਰ ਕੇ ਲਾਸ਼ ਪਵਿੱਤਰ ਸਰੋਵਰ ਵਿੱਚ ਸੁੱਟ ਦਿੱਤੀ ਸੀ। 24 ਜਨਵਰੀ, 1921 ਨੂੰ ਸ੍ਰੀ ਅਕਾਲ ਤਖ਼ਤ, ਅੰਮ੍ਰਿਤਸਰ ਵਿਖੇ ਜੁੜੀ ਸੰਗਤ ਵੱਲੋਂ ਕੀਤੇ ਫੈਸਲੇ ਅਨੁਸਾਰ 26 ਜਨਵਰੀ (1921) ਨੂੰ ਵੱਖ ਵੱਖ ਥਾਵਾਂ ਤੋਂ ਸਿੱਖਾਂ ਦੇ ਜਥੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਪੁੱਜੇ ਅਤੇ 26 ਜਨਵਰੀ ਨੂੰ ਅੰਮ੍ਰਿਤ ਵੇਲੇ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ’ਤੇ ਕਬਜ਼ਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕੀਤਾ। ਉਧਰ ਪੁਜਾਰੀਆਂ-ਮਹੰਤਾਂ ਦੇ ਹਮਾਇਤੀ ਵੱਡੀ ਗਿਣਤੀ ਵਿੱਚ ਪਹਿਲਾਂ ਹੀ ਅੰਦਰ ਹਥਿਆਰ ਲਈ ਬੈਠੇ ਸਨ। ਦੋਵਾਂ ਧਿਰਾਂ ਵਿਚਾਲੇ ਕਸ਼ਮਕਸ਼ ਵਾਲਾ ਮਾਹੌਲ ਬਣ ਗਿਆ ਸੀ। ਸ਼ਹਿਰ ਦੇ ਮੋਹਤਬਰਾਂ ਭਾਈ ਮੋਹਨ ਸਿੰਘ ਵੈਦ, ਭਾਈ ਨਿਹਾਲ ਸਿੰਘ, ਗ੍ਰੰਥੀ ਤੇ ਤੇਜਾ ਸਿੰਘ ਗ੍ਰੰਥੀ ਨੇ ਮਿਲ ਕੇ ਮਾਮਲੇ ਦਾ ਨਿਬੇੜਾ ਕਰਨ ਲਈ ਵਿਚਾਰ-ਵਟਾਂਦਰਾ ਕਰਨ ਦੀ ਤਜਵੀਜ਼ ਰੱਖੀ। ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਅੰਦਰ ਹੁੰਦੀਆਂ ਕੁਰਹਿਤਾਂ ਦੀ ਰੋਕਥਾਮ ਦੀ ਮੰਗ ਕਰ ਰਹੀਆਂ ਸਨ। ਅੰਦਰ ਗੱਲਬਾਤ ਚੱਲ ਰਹੀ ਸੀ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਤਰ ਸਨ ਅਤੇ ਉਹ ਗੁਰਬਾਣੀ ਦਾ ਜਾਪ ਕਰ ਰਹੀਆਂ ਸਨ। ਇੰਨੇ ਨੂੰ ਸਿੱਖਾਂ ਉਪਰ ਇਕ ਬੰਬ ਸੁੱਟਿਆ ਗਿਆ ਅਤੇ ਨਾਲ ਹੀ ਇੱਟਾਂ-ਪੱਥਰਾਂ ਦੀ ਬੁਛਾੜ ਸ਼ੁਰੂ ਹੋ ਗਈ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠੇ ਸਿੰਘਾਂ ’ਤੇ ਵੀ ਹਮਲਾ ਕਰ ਦਿੱਤਾ ਗਿਆ। ਹੁਣ ਬਾਹਰ ਬੈਠੇ ਸਿੱਖਾਂ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਪ੍ਰਵੇਸ਼ ਕਰ ਜਾਣ ਦਾ ਫੈਸਲਾ ਕਰ ਲਿਆ। ਸਭ ਤੋਂ ਪਹਿਲਾਂ ਭਾਈ ਬਲਵੰਤ ਸਿੰਘ ਦੇ ਮੱਥਾ ਟੇਕਦਿਆਂ ਹੀ ਉਨ੍ਹਾਂ ਦੇ ਸਿਰ ’ਚ ਟਕੂਆ ਮਾਰ ਦਿੱਤਾ ਗਿਆ। ਇਸ ਮਗਰੋਂ ਹੋਰਨਾਂ ਸਿੱਖਾਂ ’ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ’ਚ ਹੀ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਕੋਟ ਵਸਾਊ (ਗੁਰਦਾਸਪੁਰ) ਸ਼ਹੀਦ ਹੋ ਗਏ। ਇਨ੍ਹਾਂ ਸਿੰਘਾਂ ਦੀ ਸ਼ਹੀਦੀ ਅਜਾਈਂ ਨਹੀਂ ਗਈ। ਸ੍ਰੀ ਦਰਬਾਰ ਸਾਹਿਬ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।