Positive MLA opens CM poll : ਪਟਿਆਲਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਵੇਂ ਸਰਕਾਰੀ ਹਸਪਤਾਲ ਵਿੱਚ ਕੋਵਿਡ ਮਰੀਜ਼ਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੇ ਜਾਣ ਦੇ ਵੱਡੇ-ਵੱਡੇ ਦਾਅਵੇ ਕਰਨ, ਪਰ ਉਨ੍ਹਾਂ ਦੇ ਆਪਣੇ ਹੀ ਜ਼ਿਲ੍ਹੇ ਦੇ ਹਾਲ ਬੁਰੇ ਹਨ। ਸ਼ੁਤਰਾਣਾ ਹਲਕੇ ਦੇ ਕੋਰੋਨਾ ਪਾਜ਼ੀਟਿਵ ਵਿਧਾਇਕ ਨਿਰਮਲ ਸਿੰਘ ਨੇ ਸੀਐੱਮ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਵਿਧਾਇਕ ਸ਼ੁਤਰਾਣਾ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਸਾਫ-ਸਫਾਈ ਦੀ ਕਮੀ ਕਾਰਨ ਨਿੱਜੀ ਹਸਪਤਾਲ ਵਿੱਚ ਭਰਤੀ ਹੋ ਗਏ ਹਨ।
28 ਅਗਸਤ ਨੂੰ ਚੰਡੀਗੜ੍ਹ ਵਿੱਚ ਪਟਿਆਲਾ ਦੇ ਸ਼ੁਤਰਾਣਾ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਉਸ ਦੇ ਬਾਅਦ ਤੋਂ ਉਹ ਆਪਣੇ ਘਰ ਵਿੱਚ ਹੀ ਕੁਆਰੰਟੀਨ ਸਨ। ਦੋ ਦਿਨ ਪਹਿਲਾਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ ਹੋਈ। ਇਸ ਤੋਂ ਬਾਅਦ ਉਹ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕੋਵਿਡ ਵਾਰਡ ਵਿੱਚ ਸ਼ਿਫਟ ਹੋ ਗਏ ਸਨ। ਇਸ ਬਾਰੇ ਪੁੱਛੇ ਜਾਣ ’ਤੇ ਵਿਧਾਇਕ ਨੇ ਕਿਹਾ ਕਿ ਸਰਕਾਰ ਚਾਹੇ ਜੋਅ ਵੀ ਦਾਅਵੇ ਕਰੇ, ਪਰ ਰਾਜਿੰਦਰਾ ਦੇ ਕੋਵਿਡ ਵਾਰਡ ਵਿੱਚ ਸਾਫ-ਸਫਾਈ ਦਾ ਬਿਲਕੁਲ ਪ੍ਰਬੰਧ ਨਹੀਂ ਹੈ।
ਉਨ੍ਹਾਂ ਦੱਸਿਆ ਕਿ ਟਾਇਲੈਟ ਬਹੁਤ ਗੰਦੇ ਸਨ। ਡਾਕਟਰ ਵੀ ਦਿਨ ਵਿੱਚ ਇਕ-ਦੋ ਵਾਰ ਹੀ ਵਿਜ਼ਿਟ ਕਰਦੇ ਹਨ। ਕੋਵਿਡ ਮਰੀਜ਼ਾਂ ਦੀ ਦੇਖ-ਰੇਖ ਦਾ ਜ਼ਿੰਮਾ ਹੇਠਲੇ ਸਟਾਫ ’ਤੇ ਛੱਡਿਆ ਹੈ। ਇਨ੍ਹਾਂ ਕਾਰਨਾਂ ਕਰਕੇ ਸ਼ਨੀਵਾਰ ਸ਼ਾਮ ਨੂੰ ਉਹ ਇੱਕ ਨਿੱਜੀ ਹਸਪਤਾਲ ਵਿੱਚ ਸ਼ਿਫਟ ਹੋ ਗਏ, ਜਿਥੇ ਉਨ੍ਹਾਂ ਦੇ ਸਾਰੇ ਟੈਸਟ ਕੀਤੇ ਗਏ। ਹੁਣ ਉਹ ਬਿਹਤਰ ਮਹਿਸੂਸ ਕਰ ਰਹੇ ਹਨ। ਉਥੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਾਜਿੰਦਰਾ ਹਸਪਤਾਲ ਬਾਰੇ ਉਥੇ ਦੇ ਮੈਡੀਕਲ ਸੁਪਰੀਟੈਂਡੈਂਟ ਹੀ ਦੱਸਣਗੇ। ਇਸ ਬਾਰੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਪਾਰਸ ਪਾਂਡਵਨੇ ਕਿਹਾ ਕਿ ਵਿਧਾਇਕ ਨੂੰ ਵੱਖਰੇ ਤੌਰ ’ਤੇ ਏਸੀ ਕਮਰਾ ਅਤੇ ਇਕ ਵਾਰਡ ਅਟੈਂਡੈਂਟ ਵੀ ਦਿੱਤਾ ਗਿਆ ਸੀ ਟਾਇਲੈਟ ਦੀ ਸਾਫ-ਸਫਾਈ ਵੀ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ। ਫਿਰ ਵੀ ਜੇਕਰ ਉਨ੍ਹਾਂ ਨੂੰ ਇਥੇ ਦੇ ਪ੍ਰਬੰਧ ਸਹੀ ਨਹੀਂ ਲੱਗੇ ਤਾਂ ਹੁਣ ਉਹ ਕੀ ਕਹਿ ਸਕਦੇ ਹਨ।