Posters on the backs of stray : ਲਖਨਊ : ਉੱਤਰ ਪ੍ਰਦੇਸ਼ ਪੰਚਾਇਤ ਚੋਣਾਂ ਵਿਚ ਉਮੀਦਵਾਰ ਆਪਣੀ ਚੋਣ ਮੁਹਿੰਮ ਦੌਰਾਨ ਵੱਖ-ਵੱਖ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਕਈ ਥਾਵਾਂ ‘ਤੇ ਹੁਣ ਚੋਣ ਪ੍ਰਚਾਰ ਮੁਹਿੰਮ ਕੁੱਤਿਆਂ ਰਾਹੀਂ ਕੀਤੀ ਜਾ ਰਹੀ ਹੈ। ਘੱਟੋ-ਘੱਟ ਦੋ ਉਮੀਦਵਾਰ – ਇਕ ਰਾਏਬਰੇਲੀ ਅਤੇ ਦੂਸਰਾ ਬਾਲੀਆ ਜ਼ਿਲੇ ਵਿਚ – ਅਵਾਰਾ ਕੁੱਤਿਆਂ ਦੀ ਵਰਤੋਂ ਆਪਣੇ ਪ੍ਰਚਾਰ ਲਈ ਕਰ ਰਹੇ ਹਨ। ਇਹ ਉਮੀਦਵਾਰ ਕੁੱਤਿਆਂ ‘ਤੇ ਆਪਣੇ ਪੋਸਟਰ ਅਤੇ ਪੈਂਫਲੈਟ ਚਿਪਕਾ ਰਹੇ ਹਨ ਅਤੇ ਉਨ੍ਹਾਂ ਨੂੰ ਘੁੰਮਣ ਦੇ ਰਹੇ ਹਨ। ਨਾਮ ਗੁਪਤ ਰੱਖਣ ਦੀ ਅਪੀਲ ‘ਤੇ ਇਕ ਉਮੀਦਵਾਰ ਨੇ ਕਿਹਾ ਕਿ ਚੋਣ ਜ਼ਾਬਤੇ ਵਿਚ ਅਜਿਹਾ ਕੋਈ ਨਿਯਮ ਨਹੀਂ ਹੈ ਜੋ ਸਾਨੂੰ ਚੋਣ ਪ੍ਰਚਾਰ ਦੌਰਾਨ ਅਵਾਰਾ ਕੁੱਤਿਆਂ ਦੀ ਵਰਤੋਂ ਕਰਨ ਤੋਂ ਰੋਕਦਾ ਹੈ। ਅਸੀਂ ਕਿਸੇ ਵੀ ਤਰ੍ਹਾਂ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਹਾਂ। ਦਰਅਸਲ ਅਸੀਂ ਕੁੱਤਿਆਂ ਨੂੰ ਹਰ ਰੋਜ਼ ਖਾਣਾ ਦਿੰਦੇ ਹਾਂ। ਇਹ ਇਕ ਵਧੀਆ ਵਿਚਾਰ ਹੈ ਅਤੇ ਵੋਟਰ ਅਜਿਹੇ ਨਵੇਂ ਤਰੀਕਿਆਂ ਵੱਲ ਆਕਰਸ਼ਿਤ ਹੁੰਦੇ ਹਨ।
ਮੁਹਿੰਮ ਦੀਆਂ ਸਮੱਗਰੀਆਂ ਵਾਲੇ ਕੁੱਤਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਇਸ ਦਾ ਜਾਨਵਰ ਪ੍ਰੇਮੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਜੋ ਮਹਿਸੂਸ ਕਰਦੇ ਹਨ ਕਿ ਇਹ ਇਕ ਗੰਭੀਰ ਸਜਾ ਯੋਗ ਅਪਰਾਧ ਹੋਣਾ ਚਾਹੀਦਾ ਹੈ। ਐਨੀਮਲ ਐਕਟੀਵਿਸਟ ਰੀਨਾ ਮਿਸ਼ਰਾ ਨੇ ਕਿਹਾ, “ਜੇਕਰ ਚੋਣਾਂ ਦੌਰਾਨ ਕਿਸੇ ਵਿਅਕਤੀ ਦੇ ਚਿਹਰੇ ‘ਤੇ ਇਹੋ ਜਿਹੇ ਸਟਿੱਕਰ ਚਿਪਕਾਏ ਜਾਂਦੇ ਹਨ, ਤਾਂ ਉਹ ਕਿਵੇਂ ਮਹਿਸੂਸ ਕਰੇਗਾ?” ਕਿਉਂਕਿ ਕੁੱਤੇ ਵਿਰੋਧ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਨਾਲ ਇਸ ਤਰ੍ਹਾਂ ਪੇਸ਼ ਆਉਣ ਦਾ ਸਾਡੇ ਕੋਲ ਕੋਈ ਅਧਿਕਾਰ ਨਹੀਂ ਹੈ। ਪੁਲਿਸ ਨੂੰ ਉਨ੍ਹਾਂ ਉਮੀਦਵਾਰਾਂ ਖਿਲਾਫ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੇ ਚੋਣ ਪ੍ਰਚਾਰ ਦੇ ਇਸ ਢੰਗ ਦਾ ਸਹਾਰਾ ਲੈ ਰਹੇ ਹਨ।